ਨਵੀਂ ਦਿੱਲੀ, 16 ਨਵੰਬਰ 2026:
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦਰਮਿਆਨ ਇੱਕ ਅਹਿਮ ਕੂਟਨੀਤਕ ਘਟਨਾਕ੍ਰਮ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਮਾਮਲਿਆਂ ਦੇ ਮੰਤਰੀ ਡਾ. ਮੁਸਾਦਿਕ ਮਸੂਦ ਮਲਿਕ 20 ਤੋਂ 22 ਨਵੰਬਰ ਤੱਕ ਭਾਰਤ ਦੌਰੇ ’ਤੇ ਆਉਣਗੇ।
ਉਹ ਨਵੀਂ ਦਿੱਲੀ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ।
ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਪਾਕਿਸਤਾਨੀ ਮੰਤਰੀ ਦਾ ਭਾਰਤ ਦੌਰਾ
ਇਸ ਦੌਰੇ ਨੂੰ ਕਈ ਪੱਖਾਂ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਮਈ 2023 ਵਿੱਚ ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਗੋਆ ਦੌਰੇ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਪਾਕਿਸਤਾਨੀ ਸੰਘੀ ਮੰਤਰੀ ਭਾਰਤ ਆਵੇਗਾ।
ਕੀ ਭਾਰਤ-ਪਾਕਿਸਤਾਨ ਵਿਚਾਲੇ ਹੋਵੇਗੀ ਗੱਲਬਾਤ?
ਇਹ ਸੰਮੇਲਨ 20 ਤੋਂ 22 ਨਵੰਬਰ ਤੱਕ ਦਿੱਲੀ ਦੇ ਇਤਿਹਾਸਕ ਪੁਰਾਣਾ ਕਿਲ੍ਹਾ ਕੰਪਲੈਕਸ ਵਿੱਚ ਕਰਵਾਇਆ ਜਾਣਾ ਹੈ। ਇਸ ਵਿੱਚ SCO ਦੇ 10 ਮੈਂਬਰ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।
ਹਾਲਾਂਕਿ, ਪਾਕਿਸਤਾਨੀ ਮੰਤਰੀ ਦੇ ਇਸ ਦੌਰੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਵੱਖਰੀ ਦੁਵੱਲੀ ਮੀਟਿੰਗ ਜਾਂ ਰਸਮੀ ਗੱਲਬਾਤ ਦਾ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਇਸ ਤੋਂ ਬਾਅਦ ਭਾਰਤ ਵੱਲੋਂ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਸੀ।

