ਦਿੱਲੀ-: 20 ਨਵੰਬਰ, 2026
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਹਮੇਸ਼ਾਂ ਪੰਜਾਬ ਨਾਲ ਖਾਸ ਕਰਕੇ ਸਿੱਖਾਂ ਨਾਲ ਧੱਕਾ ਕਰਦੀ ਹੈ ਕਿਉਂਕਿ ਦਿੱਲੀ ਅਕਿਰਤਘਣ ਹੈ। ਉਹ ਇੱਥੇ ਐੱਸਜੀਪੀਸੀ ਚੋਣਾਂ ਕਰਵਾਉਣ ਲਈ ਕੇਂਦਰ ‘ਤੇ ਦਬਾਅ ਪਾਉਣ ਲਈ ਲੋਕ ਸਭਾ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ ਪਾਰਟੀ ਆਗੂਆਂ, ਵਰਕਰਾਂ ਅਤੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਤੋਂ ਸਿੱਖ ਸੂਬਾ ਨਹੀ ਪੰਜਾਬੀ ਬੋਲਦਾ ਸੂਬਾ ਮੰਗਿਆ ਸੀ ਪਰ ਉਸਨੂੰ ਵੀ ਫਿਰਕੂ ਸਮਝਕੇ ਲੰਮਾ ਸਮਾਂ ਲਟਕਾਈ ਰੱਖਿਆ। ਪੰਜਾਬ ਦੇ ਪਾਣੀਆਂ, ਡੈਮਾ ਨੂੰ ਵੀ ਆਪਣੇ ਕਬਜੇ ਵਿੱਚ ਰੱਖਿਆ ਗਿਆ। ਗੁਰਦੁਆਰਾ ਐਕਟ ਅਨੁਸਾਰ ਸਿੱਖਾਂ ਨੂੰ ਮਿਲਿਆ ਲੋਕਤੰਤਰਿਕ ਹੱਕ ਮਾਰ ਕੇ ਲੰਮੇ ਸਮੇਂ ਤੱਕ ਐੱਸਜੀਪੀਸੀ ਚੋਣਾ ਨਹੀਂ ਕਰਵਾਈਆਂ ਜਾਂਦੀਆਂ। ਕਿਉਂਕਿ ਕੇਂਦਰ ਇਕ ਅਜਿਹੇ ਧੜੇ ਦਾ ਕਬਜਾ ਬਰਕਰਾਰ ਰੱਖਣਾ ਚਾਹੁੰਦਾ ਹੈ, ਜਿਹੜੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐੱਸਜੀਪੀਸੀ ਵਿਚ ਭ੍ਰਿਸਟਾਚਾਰ ਤੋਂ ਲੈਕੇ ਬਲਾਤਕਾਰਾਂ ਤੱਕ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਕਰਕੇ ਸਿੱਖੀ ਸਿਧਾਂਤਾਂ ਦੀ ਖਿੱਲੀ ਦੁਨੀਆਂ ਭਰ ਵਿੱਚ ਉਡ ਰਹੀ ਹੈ। ਅੱਜ ਅਸੀਂ ਦਿੱਲੀ ਦੀ ਕੇਂਦਰ ਸਰਕਾਰ ਨੂੰ ਇਹੋ ਦੱਸਣ ਆਏ ਹਾਂ ਕਿ ਕਾਂਗਰਸ ਸਰਕਾਰਾਂ ਨੇ 1947 ਤੋਂ ਲੈਕੇ ਸੱਤਰ ਸਾਲ ਤੱਕ ਸਿਖਾਂ ਨੂੰ ਖੰਜਰ ਨਾਲ ਡੂੰਘੇ ਜਖਮ ਦਿੱਤੇ ਹਨ, ਤੁਸੀਂ ਉਹਨਾਂ ਜਖਮਾਂ ‘ਤੇ ਲੂਣ ਪਾਉਣ ਦੀ ਬਜਾਏ ਮੱਲ੍ਹਮ ਲਾਉਣ ਦਾ ਕੰਮ ਕਰੋ। ਨਹੀਂ ਤੇ ਤੁਹਾਨੂੰ ਵੀ ਸਿੱਖ ਕਾਂਗਰਸ ਵਾਲੀ ਕਤਾਰ ਵਿੱਚ ਹੀ ਖੜਾ ਸਮਝਣਗੇ। ਉਹਨਾਂ ਕਿਹਾ ਕਿ ਸਿੱਖ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਤੀਹ ਤੀਹ ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ, ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕੀਤਾ ਜਾਵੇ। ਇਹਨਾਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਜਿਹੜੇ ਸਾਡੇ ‘ਤੇ ਇਲਜ਼ਾਮ ਲਗਾਉਂਦੇ ਸੀ ਕਿ ਦੋ ਦਸੰਬਰ ਦੇ ਹੁਕਮਨਾਮੇ ਭਾਜਪਾ ਦੇ ਕਹਿਣ ‘ਤੇ ਕੀਤੇ ਗਏ ਸਨ, ਅੱਜ ਉਹ ਖੁਦ ਬੀਜੇਪੀ ਨਾਲ ਸਮਝੌਤਾ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਹੁਣ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਹਿਯੋਗ ਦੇਣ ਲਈ ਦਿੱਲੀ ਕਮੇਟੀ ਦਾ ਪੁਰਜੋਰ ਧੰਨਵਾਦ ਕਰਦਿਆਂ ਕਿਹਾ ਕਿ ਸ ਹਰਮੀਤ ਸਿੰਘ ਕਾਲਕਾ ‘ਤੇ ਇਲਜ਼ਾਮ ਲਾਉਂਦੇ ਹਨ ਕਿ ਇਥੇ ਬੀਜੇਪੀ ਦਾ ਕਬਜਾ ਹੈ, ਪਰ ਅਸੀਂ ਜਦੋਂ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਤਾਂ ਇਹ ਸਮੁਚੀ ਟੀਮ ਲੈ ਕੇ ਸਾਡੇ ਨਾਲ ਬੈਠੇ ਹਨ।
ਉਥੇ ਮੌਜੂਦ ਸੰਗਤਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪਾਰਟੀ ਦੇ ਸਾਰੇ ਵੱਡੇ ਆਗੂਆਂ ਨੇ ਸੰਬੋਧਨ ਕੀਤਾ। ਸ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਵਿਚ ਚਾਹੇ ਕੋਈ ਸਰਕਾਰ ਹੋਵੇ, ਸਾਡੇ ਨਾਲ ਹਮੇਸ਼ਾਂ ਧੱਕਾ ਹੁੰਦਾ ਹੈ। ਅੱਜ ਅਸੀਂ ਹੋ ਰਹੇ ਉਸ ਧੱਕੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਆਏ ਹਾਂ ਕਿਉਂਕਿ ਪੰਜਾਬ ਦੇ ਹੱਕਾਂ ਦੀ ਗੱਲ ਹਮੇਸ਼ਾਂ ਅਕਾਲੀ ਦਲ ਨੇ ਹੀ ਕੀਤੀ ਹੈ। ਸ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਦਰਾਂ ਸਾਲ ਤੋਂ ਚੋਣ ਨਾ ਹੋਣ ਕਾਰਨ ਅੱਜ ਸ਼੍ਰੋਮਣੀ ਕਮੇਟੀ ਦੀ ਜੋ ਮਾੜੀ ਹਾਲਤ ਹੈ, ਉਸਦੇ ਲਈ ਕੇਂਦਰ ਵੀ ਜਿੰਮੇਵਾਰ ਹੈ ਜਿਸਨੇ ਸਮੇਂ ਸਿਰ ਚੋਣਾਂ ਕਰਵਾ ਕੇ ਲੋਕਾਂ ਨੂੰ ਨਵੀਂ ਚੋਣ ਕਰਨ ਦਾ ਮੌਕਾ ਨਹੀਂ ਦਿੱਤਾ। ਸ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਕਰਵਾਉਣ ਲਈ ਅਸੀਂ ਹਰ ਪਲੇਟਫਾਰਮ ‘ਤੇ ਆਵਾਜ ਉਠਾਉਂਦੇ ਰਹੇ ਹਾਂ ਪਰ ਕਿਧਰੇ ਸੁਣਵਾਈ ਨਾ ਹੋਣ ਕਾਰਨ ਅੱਜ ਲੋਕ ਸਭਾ ਤੱਕ ਪਹੁੰਚੇ ਹਾਂ। ਸ ਅਜੇਪਾਲ ਸਿੰਘ ਮੀਰਾਂਕੋਟ ਨੇ ਕਿਹਾ ਕਿ ਕਾਬਜ ਧਿਰ ਉਤੇ ਬੜੇ ਇਲਜ਼ਾਮ ਹਨ, ਜਿਵੇਂ ਸੌਦਾ ਸਾਧ ਦੀ ਮਾਫੀ, ਬਰਗਾੜੀ ਅਤੇ ਹੋਰ ਬੇਅਦਬੀਆਂ ਅਤੇ ਹੁਣ ਵਾਲੇ ਅੱਯਾਸ਼ੀ ਦੇ ਇਲਜ਼ਾਮ। ਇਸ ਲਈ ਚੋਣਾਂ ਕਰਵਾ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ। ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਥਕ ਏਕਤਾ ਬਾਰੇ ਬੋਲਦਿਆਂ ਕਿਹਾ ਕਿ ਏਕਤਾ ਦੋ ਦਸੰਬਰ ਦੇ ਹੁਕਮਨਾਮਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਹੀ ਹੋ ਸਕਦੀ ਹੈ। ਉਹਨਾਂ ਨੇ ਅੱਜ ਦੇ ਇਸ ਪ੍ਰਦਰਸ਼ਨ ਵਿਚ ਸਹਿਯੋਗ ਦੇਣ ਲਈ ਦਿੱਲੀ ਕਮੇਟੀ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਅਤੇ ਉਹਨਾਂ ਦੀ ਸਮੁਚੀ ਟੀਮ ਦਾ ਧੰਨਵਾਦ ਵੀ ਕੀਤਾ। ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਆਪਣੀ ਜੋਰਦਾਰ ਸਪੀਚ ਵਿੱਚ ਕਿਹਾ ਕਿ ਜਦੋਂ ਸਾਡਾ ਕੋਈ ਜਥੇਦਾਰ ਛਿੱਕ ਵੀ ਮਾਰਦਾ ਸੀ ਤਾਂ ਦਿੱਲੀ ਹਿੱਲ ਜਾਂਦੀ ਸੀ। ਪਰ ਸਤ੍ਹਾ ਦੇ ਲਾਲਚ ਵਿੱਚ ਇਕ ਧੜੇ ਨੇ ਦਿੱਲੀ ਨਾ ਐਸੀ ਯਾਰੀ ਪਾਈ ਕਿ ਸਾਡੀਆਂ ਸਾਰੀਆਂ ਹੱਕੀ ਮੰਗਾਂ ‘ਤੇ ਮਿੱਟੀ ਪਾ ਦਿੱਤੀ। ਇਸ ਮੌਕੇ ਬੋਲਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਐਸਜੀਪੀਸੀ ਪੰਥ ਦੀ ਸਿਰਮੌਰ ਸੰਸਥਾ ਸੀ ਜਿਸ ਵਿੱਚ ਆਈ ਗਿਰਾਵਟ ਲਈ ਉਸ ਉੱਤੇ ਕਾਬਜ ਧੜਾ ਜਿੰਮੇਵਾਰ ਹੈ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਮੁੱਚੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਜੀ ਆਇਆਂ ਵੀ ਕਿਹਾ।ਇਸ ਸਾਰੇ ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਸ ਮਨਜੀਤ ਸਿੰਘ ਭੋਮਾ ਨੇ ਚਲਾਈ। ਇਸਤੋਂ ਬਾਦ ਅਰਦਾਸ ਕਰਕੇ ਸਾਰੇ ਐੱਸਜੀਪੀਸੀ ਮੈਂਬਰ ਅਤੇ ਆਗੂ ਸ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਲਈ ਲੋਕ ਸਭਾ ਭਵਨ ਵੱਲ ਰਵਾਨਾ ਹੋਏ। ਅੱਜ ਦੇ ਇਸ ਪ੍ਰਦਰਸ਼ਨ ਦੌਰਾਨ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਦਿੱਲੀ ਪਹੁੰਚਣ ਵਾਲਿਆਂ ਵਿੱਚ ਪ੍ਰਮੁੱਖ ਆਗੂ ਸ ਸਰਵਣ ਸਿੰਘ ਫਿਲੌਰ, ਸ ਗਗਨਜੀਤ ਸਿੰਘ ਬਰਨਾਲਾ, ਸ ਦੀਵਾਨ ਸਿੰਘ ਡਿੱਖ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਸ ਭੁਪਿੰਦਰ ਸਿੰਘ ਸ਼ੇਖੂਪੁਰ, ਸ ਭਰਪੂਰ ਸਿੰਘ ਧਾਂਦਰਾ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਹਰਬੰਸ ਸਿੰਘ ਕੰਧੋਲਾ, ਸ ਪ੍ਰੀਤਮ ਸਿੰਘ ਸੱਲੋਮਾਜਰਾ, ਸ ਰਣਧੀਰ ਸਿੰਘ ਰੱਖੜਾ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਬਾਬਾ ਹਰਦੀਪ ਸਿੰਘ, ਸ ਵਰਿੰਦਰ ਸਿੰਘ ਵਿੰਦਾ, ਸ ਦਲਜਿੰਦਰਬੀਰ ਸਿੰਘ ਵਿਰਕ, ਸ ਮਨਿੰਦਰ ਸਿੰਘ ਧੁੰਨਾ, ਸ ਹਰਜਿੰਦਰ ਸਿੰਘ ਵਿਰਕ, ਸ ਗੁਰਜਿੰਦਰ ਸਿੰਘ ਭੁੱਲਰ, ਸ ਅਮਨਦੀਪ ਸਿੰਘ, ਸ ਬਲਦੇਵ ਸਿੰਘ ਬਟਾਲਾ, ਸ ਹਰੀ ਸਿੰਘ ਪੁਰੇਵਾਲ, ਸ ਮਨਜੀਤ ਸਿੰਘ ਦਸੂਹਾ, ਸ ਸੁਖਵਿੰਦਰ ਸਿੰਘ ਰੌਲੀ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਸ ਗੁਰਮੀਤ ਸਿੰਘ ਮਕੜੌਨਾ, ਸ ਮਨਦੀਪ ਸਿੰਘ ਤਰਖਾਣ ਮਾਜਰਾ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਰਿਪੁਦਮਨ ਸਿੰਘ ਢਿੱਲੋਂ, ਸ ਤਰਨਜੀਤ ਸਿੰਘ ਦੁੱਗਲ, ਸ ਰਮਿੰਦਰ ਸਿੰਘ ਰੰਮੀ ਢਿੱਲੋਂ, ਸ ਭਰਪੂਰ ਸਿੰਘ ਮੈਨੇਜਰ, ਸ ਸੁਖਮਨਦੀਪ ਸਿੰਘ ਢਿਲੋਂ, ਸ ਭੋਲਾ ਸਿੰਘ ਗਿੱਲਪੱਤੀ, ਸ ਰਾਜਿੰਦਰ ਸਿੰਘ ਰਾਜਾ, ਸ ਗੁਰਜਿੰਦਰ ਸਿੰਘ ਗਰੇਵਾਲ, ਸ ਰਣਜੀਤ ਸਿੰਘ ਔਲਖ, ਡਾ ਮੁਖਤਿਆਰ ਸਿੰਘ, ਸ ਜੋਰਾ ਸਿੰਘ ਭੁੱਲਰ, ਸ ਜਗਜੀਤ ਸਿੰਘ ਮੋਹਾਲੀ, ਸ ਜਗਤਾਰ ਸਿੰਘ ਸਹਾਰਨ ਮਾਜਰਾ, ਸ ਚਰਨਜੀਤ ਸਿੰਘ ਮਵੀ, ਸ ਚਰਨਜੀਤ ਸਿੰਘ ਖਾਲਸਪੁਰ, ਸ ਮਹਿੰਦਰ ਸਿੰਘ ਹੁਸੈਨਪੁਰ, ਸ ਬਲਤੇਜ ਸਿੰਘ ਮਹਿਦੂਦਾਂ, ਸ ਅਮਨਇੰਦਰ ਸਿੰਘ ਬੰਨੀ ਬਰਾੜ, ਸ ਜਰਨੈਲ ਸਿੰਘ ਗੜ੍ਹਦੀਵਾਲ ਅਤੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਸਮੇਤ ਸੈਂਕੜੇ ਆਗੂ ਅਤੇ ਮੈਂਬਰ ਐਸਜੀਪੀਸੀ ਸ਼ਾਮਲ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।

