ਨਵੀਂ ਦਿੱਲੀ, 2 ਅਕਤੂਬਰ 2026

ਦਿੱਲੀ ਦੇ ਜੰਤਰ-ਮੰਤਰ ’ਤੇ ਵੋਟਰ ਸੂਚੀਆਂ ਦੀ Special Intensive Revision (SIR) ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ (AAP) ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਸਮੇਤ ਕਈ ਪਾਰਟੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਚੋਣ ਪ੍ਰਕਿਰਿਆ ਅਤੇ SIR ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ।

ਜੰਤਰ-ਮੰਤਰ ’ਤੇ ਭਾਰੀ ਸੁਰੱਖਿਆ

ਦਿੱਲੀ ਪੁਲਿਸ ਨੇ ਪ੍ਰਦਰਸ਼ਨ ਲਈ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਜੰਤਰ-ਮੰਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ। ਪੁਲਿਸ ਨੇ ਬੈਰੀਕੇਡ ਲਗਾ ਕੇ ਇਲਾਕੇ ਵਿੱਚ ਆਵਾਜਾਈ ਨੂੰ ਨਿਯੰਤਰਿਤ ਕੀਤਾ।

ਨਵੀਂ ਦਿੱਲੀ ਜ਼ਿਲ੍ਹੇ ਵਿੱਚ BNSS ਦੀ ਧਾਰਾ 163 ਲਾਗੂ ਕੀਤੀ ਗਈ ਹੈ। ਇਸ ਤਹਿਤ ਬਿਨਾਂ ਇਜਾਜ਼ਤ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠ, ਜਲੂਸ, ਧਰਨਾ, ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ’ਤੇ ਪਾਬੰਦੀ ਹੈ।

11 ਮੈਟਰੋ ਸਟੇਸ਼ਨਾਂ ਦੇ ਐਂਟਰੀ-ਐਗਜ਼ਿਟ ਬੰਦ

ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਮੈਟਰੋ ਦੇ 11 ਸਟੇਸ਼ਨਾਂ ’ਤੇ ਐਂਟਰੀ ਅਤੇ ਐਗਜ਼ਿਟ ਅਸਥਾਈ ਤੌਰ ’ਤੇ ਬੰਦ ਕੀਤੇ ਗਏ ਹਨ। ਇਨ੍ਹਾਂ ਵਿੱਚ ਜਨਪਥ, ਪਟੇਲ ਚੌਕ, ਸੈਂਟਰਲ ਸਕੱਤਰੇਤ, ਰਾਜੀਵ ਚੌਕ, ਸੇਵਾ ਤੀਰਥ, ਮੰਡੀ ਹਾਊਸ, ਲੋਕ ਕਲਿਆਣ ਮਾਰਗ, INA, ਚਾਵੜੀ ਬਾਜ਼ਾਰ, ਰਾਮਕ੍ਰਿਸ਼ਨ ਆਸ਼ਰਮ ਮਾਰਗ ਅਤੇ ਨਵੀਂ ਦਿੱਲੀ ਸ਼ਾਮਲ ਹਨ। ਕੁਝ ਸਟੇਸ਼ਨਾਂ ’ਤੇ ਇੰਟਰਚੇਂਜ ਦੀ ਸਹੂਲਤ ਜਾਰੀ ਰੱਖੀ ਗਈ ਹੈ।

ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਜੰਤਰ-ਮੰਤਰ, ਕਨਾਟ ਪਲੇਸ, ਪਾਰਲੀਮੈਂਟ ਸਟ੍ਰੀਟ ਅਤੇ ਟੌਲਸਟੌਏ ਮਾਰਗ ਸਮੇਤ ਕਈ ਇਲਾਕਿਆਂ ਵਿੱਚ ਆਵਾਜਾਈ ਲਈ ਪਾਬੰਦੀਆਂ ਅਤੇ ਡਾਇਵਰਜ਼ਨ ਵੀ ਜਾਰੀ ਕੀਤੇ ਗਏ ਹਨ।

ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਵੱਲੋਂ SIR ਦਾ ਉਦੇਸ਼ ਵੋਟਰ ਸੂਚੀਆਂ ਵਿੱਚੋਂ ਡੁਪਲੀਕੇਟ, ਮ੍ਰਿਤਕ ਜਾਂ ਅਯੋਗ ਵੋਟਰਾਂ ਦੀਆਂ ਐਂਟਰੀਆਂ ਹਟਾਉਣਾ ਦੱਸਿਆ ਗਿਆ ਹੈ, ਜਦਕਿ ਆਲੋਚਕ ਇਸ ਪ੍ਰਕਿਰਿਆ ਨੂੰ ਲੈ ਕੇ ਵੱਖਰੇ ਸਵਾਲ ਉਠਾ ਰਹੇ ਹਨ।

Leave a Reply

Your email address will not be published. Required fields are marked *