ਨਵੀਂ ਦਿੱਲੀ, 24 ਅਕਤੂਬਰ 2026

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ, ਜਿਸ ਦੌਰਾਨ ਪੰਜਾਬ ਦੇ ਸਿਆਸੀ ਹਾਲਾਤਾਂ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੁਲਾਕਾਤ ਦੌਰਾਨ ਚਾਂਦਨੀ ਚੌਕ ਤੋਂ ਵਿਧਾਇਕ ਪੁਨਰਦੀਪ ਸਿੰਘ ਸਾਹਨੀ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਪੁੱਤਰ ਕੰਵਰਦੀਪ ਸਿੰਘ ਬ੍ਰਹਮਪੁਰਾ ਵੀ ਮੌਜੂਦ ਸਨ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਕੇਜਰੀਵਾਲ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਦੱਸੀ ਗਈ ਹੈ।

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਯੋਗਦਾਨ ਨੂੰ ਕੀਤਾ ਯਾਦ

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਮਰਹੂਮ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪੰਥ, ਪੰਜਾਬ ਅਤੇ ਪੰਜਾਬੀ ਪਛਾਣ ਲਈ ਕੰਮ ਕਰਨ ਵਾਲਾ ਆਗੂ ਦੱਸਿਆ।

‘ਮਾਝੇ ਦਾ ਜਰਨੈਲ’ ਵਜੋਂ ਜਾਣੇ ਜਾਂਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਪਹਿਲੀ ਵਾਰ 1977 ਵਿੱਚ ਵਿਧਾਇਕ ਚੁਣੇ ਗਏ ਸਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਚਾਰ ਵਾਰ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ, ਉਹ 2014 ਤੋਂ 2019 ਤੱਕ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਰਹੇ।

ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਣ ਦਾ ਭਰੋਸਾ

ਮੁਲਾਕਾਤ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਇੱਕ ਸਮਰਪਿਤ ਵਰਕਰ ਵਜੋਂ ਨਿਭਾਉਣਗੇ।

ਇਸ ਮੁਲਾਕਾਤ ਨੂੰ ਤਰਨਤਾਰਨ ਜ਼ਿਲ੍ਹੇ ਅਤੇ ਮਾਝਾ ਖੇਤਰ ਦੀ ਸਿਆਸਤ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਮੁਲਾਕਾਤ ਤੋਂ ਬਾਅਦ ਬ੍ਰਹਮਪੁਰਾ ਨੂੰ ਕਿਸੇ ਨਵੇਂ ਅਹੁਦੇ ਜਾਂ ਖ਼ਾਸ ਵਿਧਾਨ ਸਭਾ ਹਲਕੇ ਸਬੰਧੀ ਜ਼ਿੰਮੇਵਾਰੀ ਦੇਣ ਦਾ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *