ਚੰਡੀਗੜ੍ਹ, 5 ਨਵੰਬਰ 2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਯੂਨਾਈਟਿਡ ਕਿੰਗਡਮ ਦੀ ਰਾਇਲ ਏਅਰ ਫੋਰਸ ਵਿੱਚ ਸੇਵਾਵਾਂ ਨਿਭਾਅ ਰਹੇ ਦੋ ਸਿੱਖ ਅਫ਼ਸਰਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਅਤੇ ਫਲਾਈਟ ਲੈਫਟੀਨੈਂਟ ਜਸਪਾਲ ਸਿੰਘ ਸਿੱਧੂ ਸ਼ਾਮਲ ਹਨ।

ਅਰਸ਼ਦੀਪ ਸਿੰਘ ਨੇ ਪਰਿਵਾਰ ਸਮੇਤ ਕੀਤੀ ਮੁਲਾਕਾਤ

ਰਾਇਲ ਏਅਰ ਫੋਰਸ ਵਿੱਚ ਫਲਾਈਟ ਲੈਫਟੀਨੈਂਟ ਦਾ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਆਪਣੇ ਮਾਪਿਆਂ ਨਾਲ ਲੰਡਨ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਪਹੁੰਚੇ। ਇਸ ਮੌਕੇ ਯੂਕੇ ਆਧਾਰਿਤ ਡਿਫੈਂਸ ਸਿੱਖ ਨੈੱਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।

ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਚੜ੍ਹਦੀ ਕਲਾ ਨਾਲ ਸੇਵਾਵਾਂ ਨਿਭਾਉਣ ਤੇ ਸਿੱਖੀ ਪਛਾਣ ਨੂੰ ਹੋਰ ਉਭਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬਾਅਦ ਵਿੱਚ ਅਰਸ਼ਦੀਪ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਦਾੜ੍ਹੀ ਦੇ ਕੇਸ ਕਤਲ ਕਰਨ ਦੀ ਸ਼ਰਤ ਦਾ ਮੁੱਦਾ ਵੀ ਉੱਠਿਆ

ਮੁਲਾਕਾਤ ਦੌਰਾਨ ਯੂਕੇ ਦੀਆਂ ਫੌਜੀ ਸੇਵਾਵਾਂ ਵਿੱਚ ਸਿੱਖਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਜੈੱਟ ਉਡਾਉਣ ਦੌਰਾਨ ਫਲਾਈਟ ਓਪਰੇਸ਼ਨਾਂ ਲਈ ਮਾਸਕ ਪਹਿਨਣ ਵਾਸਤੇ ਦਾੜ੍ਹੀ ਦੇ ਕੇਸ ਕੱਟਣੇ ਪੈਂਦੇ ਹਨ, ਜੋ ਰਾਇਲ ਏਅਰ ਫੋਰਸ ਦੀਆਂ ਤਕਨੀਕੀ ਸ਼ਰਤਾਂ ਦਾ ਹਿੱਸਾ ਹੈ।

ਇਸ ’ਤੇ ਜਥੇਦਾਰ ਗੜਗੱਜ ਨੇ ਡਿਫੈਂਸ ਸਿੱਖ ਨੈੱਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਨੂੰ ਯੂਕੇ ਦੀ ਫੌਜ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਿੱਖੀ ਵਿੱਚ ਕੇਸਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਅਤੇ ਇਸ ਸ਼ਰਤ ਦਾ ਹੱਲ ਲੱਭਣ ਲਈ ਯਤਨ ਕਰਨ ਵਾਸਤੇ ਕਿਹਾ।

ਜਥੇਦਾਰ ਨੇ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਬਤ-ਸੂਰਤ ਸਿੱਖ ਪਛਾਣ ਕਾਇਮ ਰੱਖਦਿਆਂ ਸੈਂਕੜੇ ਫਲਾਈਟ ਓਪਰੇਸ਼ਨ ਸਫਲਤਾਪੂਰਵਕ ਕੀਤੇ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਰਤਾਂ ਹੋਣਹਾਰ ਸਿੱਖ ਨੌਜਵਾਨਾਂ ਨੂੰ ਫੌਜੀ ਸੇਵਾਵਾਂ ਵਿੱਚ ਆਉਣ ਤੋਂ ਰੋਕ ਸਕਦੀਆਂ ਹਨ।

ਜਸਪਾਲ ਸਿੰਘ ਸਿੱਧੂ ਨੂੰ ਵੀ ਦਿੱਤਾ ਸਿਰੋਪਾਓ

ਇਸ ਮੌਕੇ ਰਾਇਲ ਏਅਰ ਫੋਰਸ ਦੇ ਇੰਜੀਨੀਅਰਿੰਗ ਵਿੰਗ ਵਿੱਚ ਫਲਾਈਟ ਲੈਫਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਸਾਬਤ-ਸੂਰਤ ਸਿੱਖ ਅਫ਼ਸਰ ਜਸਪਾਲ ਸਿੰਘ ਸਿੱਧੂ ਨੇ ਵੀ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਅਤੇ ਸਿੱਖੀ ਦੇ ਪ੍ਰਚਾਰ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਈ। ਜਥੇਦਾਰ ਵੱਲੋਂ ਜਸਪਾਲ ਸਿੰਘ ਸਿੱਧੂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੋਵੇਂ ਸਿੱਖ ਅਫ਼ਸਰ ਦੁਨੀਆ ਭਰ ਦੇ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੌਜਵਾਨਾਂ ਨੂੰ ਉੱਚ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਨਾਲ ਉੱਚ ਅਹੁਦਿਆਂ ਤੱਕ ਪਹੁੰਚਣ ਦੀ ਪ੍ਰੇਰਣਾ ਦਿੱਤੀ।

ਇਸ ਮੌਕੇ ਅਰਸ਼ਦੀਪ ਸਿੰਘ ਦੇ ਮਾਪੇ ਜਗਦੀਪ ਸਿੰਘ ਅਤੇ ਗਗਨਦੀਪ ਕੌਰ, ਭਰਾ ਅਗਮਦੀਪ ਸਿੰਘ ਸਮੇਤ ਹੋਰ ਸਿੱਖ ਆਗੂ ਅਤੇ ਨੁਮਾਇੰਦੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *