ਕੋਲਕਾਤਾ, 12 ਨਵੰਬਰ, 2026

ਕੋਲਕਾਤਾ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਹਾਈਜੈਕ ਕਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਵਾਈ ਅੱਡਾ ਅਥਾਰਟੀ ਅਨੁਸਾਰ, ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਜਹਾਜ਼ ਦੇ ਵਾਸ਼ਰੂਮ ਵਿੱਚ ਮਿਲਿਆ ਸੀ ਧਮਕੀ ਭਰਿਆ ਨੋਟ

ਇਹ ਮਾਮਲਾ 11 ਨਵੰਬਰ ਨੂੰ ਏਅਰ ਇੰਡੀਆ ਦੀ ਉਡਾਣ AI 2772 ਨਾਲ ਸਬੰਧਤ ਹੈ। ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਵਾਸ਼ਰੂਮ ਵਿੱਚ ਹੱਥ ਨਾਲ ਲਿਖਿਆ ਇੱਕ ਧਮਕੀ ਭਰਿਆ ਨੋਟ ਮਿਲਿਆ ਸੀ। ਇਸ ਵਿੱਚ ਜਹਾਜ਼ ਨੂੰ ਹਾਈਜੈਕ ਕਰਨ ਦੀ ਗੱਲ ਲਿਖੀ ਗਈ ਸੀ।

ਹੈਂਡਰਾਈਟਿੰਗ ਮਿਲਣ ਤੋਂ ਬਾਅਦ ਫੜਿਆ ਗਿਆ ਯਾਤਰੀ

ਜਾਂਚ ਦੌਰਾਨ ਯਾਤਰੀਆਂ ਅਤੇ ਹੋਰ ਸਬੰਧਤ ਵਿਅਕਤੀਆਂ ਦੀ ਲਿਖਾਈ ਦੇ ਨਮੂਨੇ ਲਏ ਗਏ। ਰਿਪੋਰਟਾਂ ਮੁਤਾਬਕ, ਧਮਕੀ ਵਾਲੇ ਨੋਟ ਦੀ ਲਿਖਾਈ ਇੱਕ ਯਾਤਰੀ ਦੀ ਹੈਂਡਰਾਈਟਿੰਗ ਨਾਲ ਮਿਲਣ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਉਸ ਦੀ ਪਛਾਣ ਅਤੇ ਮਾਮਲੇ ਵਿੱਚ ਹੋਰ ਵੇਰਵਿਆਂ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।

7 ਘੰਟੇ ਦੀ ਦੇਰੀ ਤੋਂ ਬਾਅਦ ਰਵਾਨਾ ਹੋਈ ਫਲਾਈਟ

ਧਮਕੀ ਮਿਲਣ ਤੋਂ ਬਾਅਦ ਜਹਾਜ਼ ਵਿੱਚ ਸਵਾਰ 105 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਜਹਾਜ਼ ਨੂੰ ਆਈਸੋਲੇਸ਼ਨ ਬੇ ਵਿੱਚ ਲਿਜਾ ਕੇ ਪੂਰੀ ਤਲਾਸ਼ੀ ਲਈ ਗਈ। ਜਾਂਚ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਧਮਕੀ ਨੂੰ ਅਫ਼ਵਾਹ ਕਰਾਰ ਦਿੱਤਾ ਗਿਆ। ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਫਲਾਈਟ ਸ਼ਾਮ 5:38 ਵਜੇ ਮੁੰਬਈ ਲਈ ਰਵਾਨਾ ਹੋਈ।

Leave a Reply

Your email address will not be published. Required fields are marked *