ਨਵੀਂ ਦਿੱਲੀ: (6 ਸਤੰਬਰ, 2026)
ਸ਼੍ਰੀ ਰਾਮ ਕਾਲਜ ਆਫ ਕਾਮਰਸ (SRCC) ਦੇ ਸ਼ਤਾਬਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਤੇ ਗਏ ‘ਦਿਮਾਗੀ ਨਕਸਲ’ ਸ਼ਬਦ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਇਸ ਸ਼ਬਦ ਦੀ ਵਰਤੋਂ ਕਰਦਿਆਂ ਕਿਹਾ ਕਿ ਲਾਲ ਕਿਲ੍ਹੇ ਤੋਂ ਦਿੱਤੀ ਗਈ ‘ਹੋਮਿਓਪੈਥਿਕ ਡੋਜ਼’ ਤੋਂ ਬਾਅਦ ਅਜਿਹੀ ਸੋਚ ਰੱਖਣ ਵਾਲੇ ਲੋਕ ਇੱਕ-ਇੱਕ ਕਰਕੇ ਸਾਹਮਣੇ ਆਉਣ ਲੱਗੇ।
ਪ੍ਰਧਾਨ ਮੰਤਰੀ ਨੇ ਕਿਸੇ ਵਿਅਕਤੀ ਦਾ ਨਾਮ ਲਏ ਬਿਨਾਂ ਆਪਣੇ ਆਲੋਚਕਾਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਹਰ ਮੁੱਦੇ ’ਤੇ ਸਰਕਾਰ ਦੀਆਂ ਪਹਿਲਕਦਮੀਆਂ ਦਾ ਵਿਰੋਧ ਕਰਦੇ ਹਨ ਅਤੇ ਦੇਸ਼ ਦੀ ਤਰੱਕੀ ਨੂੰ ਸਵੀਕਾਰ ਨਹੀਂ ਕਰ ਸਕਦੇ।
CJP ਨੇ PM ਮੋਦੀ ਦੇ ਬਿਆਨ ’ਤੇ ਚੁੱਕੇ ਸਵਾਲ
ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ PM ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਵਾਲ ਪੁੱਛਣ ਵਾਲੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਲੇਬਲ ਦੇਣ ਦੀ ਬਜਾਏ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ’ਤੇ ਗੱਲ ਹੋਣੀ ਚਾਹੀਦੀ ਹੈ।
CJP ਨੇ ਖਾਸ ਤੌਰ ’ਤੇ ਸਿੱਖਿਆ, ਰੁਜ਼ਗਾਰ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕੀਤੀ। ਪਾਰਟੀ ਵੱਲੋਂ ਦੋਸ਼ ਲਗਾਇਆ ਗਿਆ ਕਿ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਸੰਬੋਧਨ ਕਰਨਾ ਠੀਕ ਨਹੀਂ।
PM ਨੇ ‘ਨਾਰਾਜ਼ ਫੁੱਫਾ’ ਵਾਲਾ ਤੰਜ ਵੀ ਕੱਸਿਆ
SRCC ਵਿੱਚ ਆਪਣੇ ਭਾਸ਼ਣ ਦੌਰਾਨ PM ਮੋਦੀ ਨੇ ਸਰਕਾਰ ਦੀ ਹਰ ਪਹਿਲਕਦਮੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ‘ਨਾਰਾਜ਼ ਫੁੱਫਾ’ ਕਹਿ ਕੇ ਵੀ ਤੰਜ ਕੱਸਿਆ। ਉਨ੍ਹਾਂ ਨੇ ਸਟੈਚੂ ਆਫ ਯੂਨਿਟੀ, UPI, ਹਾਈ-ਸਪੀਡ ਰੇਲ ਅਤੇ ਨਵੀਂ ਸੰਸਦ ਇਮਾਰਤ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਵਿਰੋਧ ਦੇ ਬਾਵਜੂਦ ਦੇਸ਼ ਅੱਗੇ ਵਧਿਆ ਹੈ।
‘ਦਿਮਾਗੀ ਨਕਸਲ’ ਵਾਲਾ ਬਿਆਨ ਕਿਉਂ ਬਣਿਆ ਚਰਚਾ ਦਾ ਵਿਸ਼ਾ?
ਇਹ ਸ਼ਬਦ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਣ ਦੌਰਾਨ ਵਰਤਿਆ ਸੀ। ਉਸ ਸਮੇਂ ਵੀ ਇਸ ਨੂੰ ਲੈ ਕੇ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸਨ। ਹੁਣ SRCC ਵਿੱਚ ਇਸੇ ਸ਼ਬਦ ਨੂੰ ਮੁੜ ਦੁਹਰਾਏ ਜਾਣ ਤੋਂ ਬਾਅਦ ਵਿਰੋਧੀ ਆਵਾਜ਼ਾਂ ਨੇ ਇਸ ਨੂੰ ਨੌਜਵਾਨਾਂ ਅਤੇ ਸਰਕਾਰ ਦੇ ਆਲੋਚਕਾਂ ਨਾਲ ਜੋੜ ਕੇ ਸਵਾਲ ਖੜ੍ਹੇ ਕੀਤੇ ਹਨ।
ਫਿਲਹਾਲ PM ਮੋਦੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਬਹਿਸ ਤੇਜ਼ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਹੋਰ ਉਠਾਏ ਜਾਣ ਦੀ ਸੰਭਾਵਨਾ ਹੈ।

