ਨਵੀਂ ਦਿੱਲੀ, 30 ਅਕਤੂਬਰ, 2026

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਅੱਜ ਦਿੱਲੀ ਦੇ ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿੱਚ ‘Aura India Tour 2026’ ਤਹਿਤ ਕੰਸਰਟ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਸਟੇਡੀਅਮ ਦੇ ਆਲੇ-ਦੁਆਲੇ ਦੁਪਹਿਰ 1 ਵਜੇ ਤੋਂ ਰਾਤ 12 ਵਜੇ ਤੱਕ ਟ੍ਰੈਫਿਕ ਪਾਬੰਦੀਆਂ ਅਤੇ ਰੂਟ ਡਾਇਵਰਸ਼ਨ ਲਾਗੂ ਰਹਿਣਗੇ।

ਇਨ੍ਹਾਂ ਸੜਕਾਂ ’ਤੇ ਰਹੇਗੀ ਆਵਾਜਾਈ ਪ੍ਰਭਾਵਿਤ

ਟ੍ਰੈਫਿਕ ਪੁਲਿਸ ਮੁਤਾਬਕ ਭੀਸ਼ਮ ਪਿਤਾਮਹ ਮਾਰਗ, ਲੋਧੀ ਰੋਡ, ਲਾਲਾ ਲਾਜਪਤ ਰਾਏ ਮਾਰਗ, ਆਰਚ ਬਿਸ਼ਪ ਮਾਰਗ, ਚੌਥੀ ਐਵੇਨਿਊ ਰੋਡ ਅਤੇ ਪੰਜਵੀਂ ਐਵੇਨਿਊ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਇਸ ਤੋਂ ਇਲਾਵਾ ਸੀਜੀਓ ਕੰਪਲੈਕਸ ਦੀਆਂ ਅੰਦਰੂਨੀ ਸੜਕਾਂ, ਜੇਐੱਲਐੱਨ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ, ਦਿਆਲ ਸਿੰਘ ਕਾਲਜ ਰੋਡ ਅਤੇ ਲੋਧੀ ਕਾਲੋਨੀ ਦੀਆਂ ਅੰਦਰੂਨੀ ਸੜਕਾਂ ’ਤੇ ਵੀ ਪਾਬੰਦੀਆਂ ਲੱਗ ਸਕਦੀਆਂ ਹਨ। ਬਰਾਪੁੱਲਾ ਫਲਾਈਓਵਰ ਦੇ ਕੁਝ ਹਿੱਸੇ ’ਤੇ ਵੀ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।

ਮੈਟਰੋ ਰਾਹੀਂ ਜਾਣ ਦੀ ਸਲਾਹ

ਦਿੱਲੀ ਟ੍ਰੈਫਿਕ ਪੁਲਿਸ ਨੇ ਕੰਸਰਟ ਵਿੱਚ ਜਾਣ ਵਾਲੇ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਜੇਐੱਲਐੱਨ ਸਟੇਡੀਅਮ ਮੈਟਰੋ ਸਟੇਸ਼ਨ ਵਾਇਲਟ ਲਾਈਨ ’ਤੇ ਸਥਿਤ ਹੈ। ਜੰਗਪੁਰਾ ਮੈਟਰੋ ਸਟੇਸ਼ਨ ਵੀ ਸਟੇਡੀਅਮ ਤੱਕ ਪਹੁੰਚਣ ਲਈ ਵਰਤਿਆ ਜਾ ਸਕਦਾ ਹੈ।

ਦਿੱਲੀ ਮੈਟਰੋ ਦੀਆਂ ਜ਼ਿਆਦਾਤਰ ਲਾਈਨਾਂ ’ਤੇ ਸੇਵਾਵਾਂ ਅੱਜ ਅੱਧੀ ਰਾਤ ਤੱਕ ਵਧਾਈਆਂ ਗਈਆਂ ਹਨ। ਏਅਰਪੋਰਟ ਐਕਸਪ੍ਰੈੱਸ ਲਾਈਨ ਇਸ ਵਿਵਸਥਾ ਤੋਂ ਬਾਹਰ ਰਹੇਗੀ।

ਸਟੇਡੀਅਮ ਨੇੜੇ ਪਾਰਕਿੰਗ ਦੀ ਸਹੂਲਤ ਨਹੀਂ

ਕੰਸਰਟ ਵਿੱਚ ਆਉਣ ਵਾਲੇ ਲੋਕਾਂ ਲਈ ਸਟੇਡੀਅਮ ਦੇ ਅੰਦਰ ਜਾਂ ਆਲੇ-ਦੁਆਲੇ ਆਮ ਪਾਰਕਿੰਗ ਦੀ ਸਹੂਲਤ ਨਹੀਂ ਹੋਵੇਗੀ। ਕੈਬ ਅਤੇ ਆਟੋ ਰਾਹੀਂ ਆਉਣ ਵਾਲਿਆਂ ਨੂੰ ਪੁਲਿਸ ਵੱਲੋਂ ਨਿਰਧਾਰਤ ਪਿਕਅੱਪ ਅਤੇ ਡਰਾਪ ਪੁਆਇੰਟਾਂ ਦੀ ਵਰਤੋਂ ਕਰਨੀ ਪਵੇਗੀ।

ਸ਼ਾਮ 7 ਵਜੇ ਸ਼ੁਰੂ ਹੋਵੇਗਾ ਕੰਸਰਟ

ਜਾਣਕਾਰੀ ਅਨੁਸਾਰ ਕੰਸਰਟ ਦੇ ਗੇਟ ਸ਼ਾਮ 4 ਵਜੇ ਖੁੱਲ੍ਹਣਗੇ ਅਤੇ ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਸ਼ਾਮ 7 ਵਜੇ ਸ਼ੁਰੂ ਹੋਣ ਦੀ ਯੋਜਨਾ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਪਹਿਲਾਂ ਤੋਂ ਆਪਣਾ ਸਫ਼ਰ ਤੈਅ ਕਰਨ, ਪ੍ਰਭਾਵਿਤ ਰਸਤਿਆਂ ਤੋਂ ਬਚਣ ਅਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *