ਅੰਮ੍ਰਿਤਸਰ, (19 ਸਤੰਬਰ, 2026)
ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਥਾਣਾ ਗੇਟ ਹਕੀਮਾ ਦੀ SHO ਮਨਜੀਤ ਕੌਰ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਕੁਝ ਨਿਹੰਗ ਸਿੰਘ ਧਰਨੇ ’ਤੇ ਬੈਠੇ ਹੋਏ ਸਨ। ਇਸੇ ਦੌਰਾਨ ਉਨ੍ਹਾਂ ਨੇ ਮਜੀਠਾ ਸਿੰਘ ਪੇਟੇਵਾੜ ਗਰੁੱਪ ਨਾਲ ਸਬੰਧਤ ਇੱਕ ਨਿਹੰਗ ਨੂੰ ਕਥਿਤ ਤੌਰ ’ਤੇ ਰੇਕੀ ਕਰਨ ਦੇ ਸ਼ੱਕ ਵਿੱਚ ਰੋਕ ਲਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।

ਵੀਡੀਓ ਵਿੱਚ ਕੁਝ ਲੋਕਾਂ ਵਿਚਾਲੇ ਧੱਕਾ-ਮੁੱਕੀ ਹੁੰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਇੱਕ ਨਿਹੰਗ ਨਾਲ ਲਾਠੀਆਂ-ਡੰਡਿਆਂ ਨਾਲ ਕਥਿਤ ਕੁੱਟਮਾਰ ਅਤੇ ਥੱਪੜ ਮਾਰਨ ਦੇ ਵੀ ਦੋਸ਼ ਲਗਾਏ ਗਏ ਹਨ।

ਹੰਗਾਮੇ ਦੀ ਸੂਚਨਾ ਮਿਲਣ ’ਤੇ SHO ਮਨਜੀਤ ਕੌਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਜ਼ਖਮੀ ਨਿਹੰਗ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਖਿੱਚ-ਧੂਹ ਹੋ ਗਈ। ਇਸੇ ਦੌਰਾਨ ਮਹਿਲਾ SHO ਨਾਲ ਵੀ ਕਥਿਤ ਬਦਸਲੂਕੀ ਹੋਣ ਦੀ ਗੱਲ ਸਾਹਮਣੇ ਆਈ ਹੈ।

ਬਾਅਦ ਵਿੱਚ ਪੁਲਿਸ ਨੇ ਜ਼ਖਮੀ ਨਿਹੰਗ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਥਾਣੇ ਪਹੁੰਚਾਇਆ।

SHO ਮਨਜੀਤ ਕੌਰ ਦੇ ਮੁਤਾਬਕ ਵਿਵਾਦ ਕੁਝ ਗੱਡੀਆਂ ਦੇ ਉੱਥੋਂ ਲੰਘਣ ਦੇ ਦਾਅਵੇ ਨੂੰ ਲੈ ਕੇ ਸ਼ੁਰੂ ਹੋਇਆ ਸੀ। ਧਰਨੇ ’ਤੇ ਬੈਠੇ ਨਿਹੰਗ ਇਨ੍ਹਾਂ ਗੱਡੀਆਂ ਨੂੰ ਮਜੀਠਾ ਸਿੰਘ ਨਾਲ ਜੋੜ ਰਹੇ ਸਨ। ਹਾਲਾਂਕਿ ਡਿਊਟੀ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਉੱਥੋਂ ਕੋਈ ਗੱਡੀ ਨਹੀਂ ਲੰਘੀ।

ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *