ਸਰਾਇਕੇਲਾ/ਝਾਰਖੰਡ, 2 ਨਵੰਬਰ 2026
ਝਾਰਖੰਡ ਦੇ ਸਰਾਇਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਜੁੜਿਆ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਗਮਹਰੀਆ ਪੁਲਿਸ ਥਾਣੇ ਦੇ ਅੰਦਰ ਇੱਕ ਮਹਿਲਾ ਨਾਲ ਕਥਿਤ ਜਬਰ-ਜ਼ਨਾਹ ਦੇ ਮਾਮਲੇ ਵਿੱਚ ਹੁਣ ਤੱਕ 15 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਵਾਇਰਲੈੱਸ ਆਪਰੇਟਰ ਸਮੇਤ ਤਿੰਨ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗਮਹਰੀਆ ਥਾਣੇ ਵਿੱਚ ਤਾਇਨਾਤ ਵਾਇਰਲੈੱਸ ਆਪਰੇਟਰ ਨੀਰਜ ਲਕੜਾ, ਸਬ-ਇੰਸਪੈਕਟਰ ਮਨੋਜ ਕੁਮਾਰ ਸਾਹੂ ਅਤੇ ਕਾਂਸਟੇਬਲ ਸੰਤੋਸ਼ ਕੁਮਾਰ ਰਾਏ ਸ਼ਾਮਲ ਹਨ। ਪੁਲਿਸ ਅਨੁਸਾਰ, ਤਿੰਨਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
31 ਅਕਤੂਬਰ ਨੂੰ ਮਹਿਲਾ ਨੇ ਦਰਜ ਕਰਵਾਈ ਸੀ ਸ਼ਿਕਾਇਤ
ਜਾਣਕਾਰੀ ਮੁਤਾਬਕ, ਮਹਿਲਾ ਨੇ 31 ਅਕਤੂਬਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਸ ਨਾਲ ਪੁਲਿਸ ਥਾਣੇ ਦੇ ਅੰਦਰ ਜਬਰ-ਜ਼ਨਾਹ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ। ਟੀਮ ਦੀ ਅਗਵਾਈ ਸਰਾਇਕੇਲਾ ਦੇ ਐਸਡੀਪੀਓ ਅਨੁਭਵ ਭਾਰਦਵਾਜ ਕਰ ਰਹੇ ਹਨ।
ਮਾਮਲੇ ਦੀ ਜਾਂਚ ਦੌਰਾਨ ਘਟਨਾ ਨਾਲ ਸਬੰਧਤ ਕਮਰੇ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਜਿਹੜੇ ਵੀ ਮੁਲਾਜ਼ਮ ਦੋਸ਼ੀ ਜਾਂ ਲਾਪਰਵਾਹ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੌਂ ਹੋਰ ਮੁਲਾਜ਼ਮਾਂ ’ਤੇ ਵੀ ਕਾਰਵਾਈ
ਪੁਲਿਸ ਅਧਿਕਾਰੀਆਂ ਮੁਤਾਬਕ, ਘਟਨਾ ਦੀ ਜਾਣਕਾਰੀ ਸਮੇਂ ਸਿਰ ਉੱਚ ਅਧਿਕਾਰੀਆਂ ਤੱਕ ਨਾ ਪਹੁੰਚਾਉਣ ਅਤੇ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਹੇਠ ਵੀ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਇੰਚਾਰਜ ਸਮੇਤ ਕੁੱਲ 15 ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਹੋ ਚੁੱਕੀ ਹੈ।
ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਇਸ ਘਟਨਾ ਤੋਂ ਬਾਅਦ ਝਾਰਖੰਡ ਲੋਕਤਾਂਤਰਿਕ ਕ੍ਰਾਂਤੀਕਾਰੀ ਮੋਰਚਾ (JLKM) ਦੇ ਮੈਂਬਰਾਂ ਵੱਲੋਂ ਪ੍ਰਦਰਸ਼ਨ ਕਰਕੇ ਪੀੜਤਾ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਥਾਣੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਬਾਰੇ ਵੀ ਸਵਾਲ ਉਠਾਏ ਹਨ।
ਫਿਲਹਾਲ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਦੀ ਗੱਲ ਕਹੀ ਗਈ ਹੈ।

