ਹਿੰਗੋਲੀ, 6 ਅਕਤੂਬਰ 2026
ਮਹਾਰਾਸ਼ਟਰ ਦੇ ਹਿੰਗੋਲੀ ਸ਼ਹਿਰ ਦੀ ਮਾਰਵਾਡੀ ਗਲੀ (ਕੱਪੜਾ ਗਲੀ) ਵਿੱਚ ਸੋਮਵਾਰ ਦੇਰ ਸ਼ਾਮ ਪਟਾਕਿਆਂ ਦੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਗੋਦਾਮ ਵਿੱਚ ਰੱਖੇ ਪਟਾਕਿਆਂ ਦੇ ਲਗਾਤਾਰ ਧਮਾਕੇ ਹੋਣ ਲੱਗੇ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ 12 ਲੋਕ ਗੰਭੀਰ ਤੌਰ ’ਤੇ ਝੁਲਸ ਗਏ।
ਜਾਣਕਾਰੀ ਮੁਤਾਬਕ ਇਹ ਗੋਦਾਮ ਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਸੀ। ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਦੇ ਥੋਕ ਵਪਾਰੀ ਗੋਪਾਲ ਬਸਤਵਾਰ ਦੇ ਘਰ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਸਟੋਰ ਕੀਤੇ ਹੋਏ ਸਨ। ਅਚਾਨਕ ਅੱਗ ਲੱਗਣ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਧਮਾਕੇ ਸ਼ੁਰੂ ਹੋ ਗਏ ਅਤੇ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਅੱਗ ਬੁਝਾਉਣ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਸੜੀ
ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਪਰ ਪਟਾਕਿਆਂ ਦੇ ਲਗਾਤਾਰ ਧਮਾਕਿਆਂ ਕਾਰਨ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਵੀ ਅੱਗ ਦੀ ਲਪੇਟ ਵਿੱਚ ਆ ਗਈ। ਇਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹੋਰ ਮੁਸ਼ਕਲਾਂ ਆਈਆਂ। ਕੁਝ ਰਿਪੋਰਟਾਂ ਮੁਤਾਬਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਝੁਲਸੇ ਹਨ।
ਆਸ-ਪਾਸ ਦੇ ਘਰ ਵੀ ਪ੍ਰਭਾਵਿਤ
ਧਮਾਕਿਆਂ ਕਾਰਨ ਅੱਗ ਦੀਆਂ ਲਪਟਾਂ ਆਸ-ਪਾਸ ਦੇ ਘਰਾਂ ਤੱਕ ਵੀ ਪਹੁੰਚ ਗਈਆਂ ਅਤੇ ਕੁਝ ਮਕਾਨਾਂ ਨੂੰ ਨੁਕਸਾਨ ਹੋਣ ਦੀ ਜਾਣਕਾਰੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤੰਗ ਗਲੀਆਂ ਅਤੇ ਭੀੜ ਕਾਰਨ ਫਾਇਰ ਬ੍ਰਿਗੇਡ ਨੂੰ ਅੱਗ ’ਤੇ ਕਾਬੂ ਪਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮ੍ਰਿਤਕਾਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ। ਅੱਗ ਲੱਗਣ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਅਤੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

