ਤਿਰੂਵਨੰਤਪੁਰਮ, 5 ਅਕਤੂਬਰ 2026

ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨਾਲ ਜੁੜੇ ਸਾਲ 2006 ਦੇ ਇੱਕ ਪੁਰਾਣੇ ਮਾਮਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਉਸ ਸਮੇਂ ਗਿਆਨੇਸ਼ ਕੁਮਾਰ ਕੇਰਲ ਦੇ ਲੋਕ ਨਿਰਮਾਣ ਵਿਭਾਗ (PWD) ਦੇ ਸਕੱਤਰ ਸਨ।

ਮਾਮਲਾ ਮਲੇਸ਼ੀਆਈ ਸਿਵਲ ਇੰਜੀਨੀਅਰ ਲੀ ਸੀ ਬੀਨ ਦੀ ਖੁਦਕੁਸ਼ੀ ਨਾਲ ਸਬੰਧਤ ਹੈ। ਲੀ ਸੀ ਬੀਨ PATI-BEL ਕੰਸੋਰਟੀਅਮ ਨਾਲ ਜੁੜੇ ਹੋਏ ਸਨ, ਜੋ ਕੇਰਲ ਸਟੇਟ ਟਰਾਂਸਪੋਰਟ ਪ੍ਰਾਜੈਕਟ (KSTP) ਤਹਿਤ MC ਰੋਡ ਦੇ ਅਪਗ੍ਰੇਡੇਸ਼ਨ ਦਾ ਕੰਮ ਕਰ ਰਿਹਾ ਸੀ। ਨਵੰਬਰ 2006 ਵਿੱਚ ਕੁਆਲਾਲੰਪੁਰ ਵਿੱਚ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਕਥਿਤ ਸੁਸਾਈਡ ਨੋਟ ਵਿੱਚ ਉਸ ਸਮੇਂ ਦੇ PWD ਸਕੱਤਰ ਗਿਆਨੇਸ਼ ਕੁਮਾਰ ਦਾ ਨਾਮ ਦਰਜ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਪੁਰਾਣੀ ਜਾਂਚ ’ਤੇ ਵੀ ਉੱਠੇ ਸਵਾਲ

ਲੀ ਸੀ ਬੀਨ ਦੀ ਮੌਤ ਤੋਂ ਬਾਅਦ 2006 ਵਿੱਚ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ ਸੀ, ਪਰ ਇਹ ਜਾਂਚ ਅੱਗੇ ਨਹੀਂ ਵਧ ਸਕੀ। ਹੁਣ ਇੱਕ ਤਾਜ਼ਾ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਾਹਰੀ ਦਬਾਅ ਕਾਰਨ ਉਸ ਸਮੇਂ ਦੀ ਮੁੱਢਲੀ ਜਾਂਚ ਨੂੰ ਪ੍ਰਭਾਵਿਤ ਕੀਤਾ ਗਿਆ ਸੀ। ਕੇਰਲ ਦੇ ਗ੍ਰਹਿ ਵਿਭਾਗ ਨੇ 2006 ਦੀ ਪੁਰਾਣੀ ਜਾਂਚ ਨਾਲ ਸਬੰਧਤ ਸਾਰੀਆਂ ਫਾਈਲਾਂ ਮੰਗਵਾ ਲਈਆਂ ਹਨ।

ਗ੍ਰਹਿ ਮੰਤਰੀ ਨੇ ਵਿਜੀਲੈਂਸ ਡਾਇਰੈਕਟਰ ਨੂੰ ਮਾਮਲੇ ਵਿੱਚ ਬਾਹਰੀ ਦਖ਼ਲ ਦੇ ਦੋਸ਼ਾਂ ਦੀ ਵਿਸਥਾਰਪੂਰਵਕ ਜਾਂਚ ਕਰਨ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹਾਲਾਂਕਿ, ਜਾਂਚ ਦੇ ਹੁਕਮ ਲੱਗਣ ਨਾਲ ਗਿਆਨੇਸ਼ ਕੁਮਾਰ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੁੰਦੇ। ਮਾਮਲੇ ਵਿੱਚ ਅਸਲ ਤੱਥ ਅਤੇ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਜਾਂ ਭੂਮਿਕਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਇਹ ਮਾਮਲਾ ਅਜਿਹੇ ਸਮੇਂ ਮੁੜ ਸਾਹਮਣੇ ਆਇਆ ਹੈ ਜਦੋਂ SIR ਨੂੰ ਲੈ ਕੇ CEC ਗਿਆਨੇਸ਼ ਕੁਮਾਰ ਵਿਰੁੱਧ ਵਿਰੋਧੀ ਪਾਰਟੀਆਂ ਵੱਲੋਂ ਸਿਆਸੀ ਵਿਰੋਧ ਵੀ ਜਾਰੀ ਹੈ।

Leave a Reply

Your email address will not be published. Required fields are marked *