ਦੁਬਈ/ਚੰਡੀਗੜ੍ਹ, 13 ਨਵੰਬਰ, 2026
ਸੰਯੁਕਤ ਅਰਬ ਅਮੀਰਾਤ (UAE) ਦੇ ਫੁਜੈਰਾਹ ਅਮੀਰਾਤ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਹ ਹਾਦਸਾ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਅਤੇ ਅੱਗ ਲੱਗਣ ਕਾਰਨ ਵਾਪਰਿਆ।
ਟਰੱਕ ਬੇਕਾਬੂ ਹੋ ਕੇ ਕਈ ਵਾਹਨਾਂ ਨਾਲ ਟਕਰਾਇਆ
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਫੁਜੈਰਾਹ ਦੇ ਪ੍ਰਵੇਸ਼ ਦੁਆਰ ਨੇੜੇ ਸ਼ੇਖ ਖਲੀਫਾ ਬਿਨ ਜ਼ਾਇਦ ਰੋਡ ’ਤੇ ਬੁੱਧਵਾਰ ਦੇਰ ਰਾਤ ਵਾਪਰਿਆ। ਇੱਕ ਟਰੱਕ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਟਰੱਕ ਪਹਿਲਾਂ ਇੱਕ ਹੋਰ ਵਾਹਨ ਨਾਲ ਟਕਰਾਇਆ ਅਤੇ ਫਿਰ ਸੜਕ ’ਤੇ ਹੌਲੀ ਚੱਲ ਰਹੀ ਆਵਾਜਾਈ ਕਾਰਨ ਰੁਕੇ ਹੋਏ ਕਈ ਵਾਹਨਾਂ ਨਾਲ ਜਾ ਟਕਰਾਇਆ।
ਇਸ ਹਾਦਸੇ ਵਿੱਚ ਕੁੱਲ 23 ਵਾਹਨ ਸ਼ਾਮਲ ਸਨ, ਜਿਨ੍ਹਾਂ ਵਿੱਚ 18 ਕਾਰਾਂ ਅਤੇ ਪੰਜ ਟਰੱਕ ਦੱਸੇ ਗਏ ਹਨ। ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੋਰ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
30 ਜ਼ਖ਼ਮੀਆਂ ਵਿੱਚੋਂ 15 ਹਸਪਤਾਲੋਂ ਛੁੱਟੀ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਐਂਬੂਲੈਂਸ, ਬਚਾਅ ਟੀਮਾਂ ਅਤੇ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਫੁਜੈਰਾਹ ਪੁਲਿਸ ਮੁਤਾਬਕ 30 ਜ਼ਖ਼ਮੀਆਂ ਵਿੱਚੋਂ 15 ਨੂੰ ਇਲਾਜ ਤੋਂ ਬਾਅਦ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀ 15 ਦਾ ਇਲਾਜ ਜਾਰੀ ਹੈ। ਜ਼ਖ਼ਮੀਆਂ ਵਿੱਚ UAE, ਓਮਾਨ, ਭਾਰਤ, ਬ੍ਰਾਜ਼ੀਲ, ਪਾਕਿਸਤਾਨ, ਜਾਰਡਨ ਅਤੇ ਮਿਸਰ ਦੇ ਨਾਗਰਿਕ ਸ਼ਾਮਲ ਹਨ।
ਭਾਰਤੀ ਕੌਂਸਲੇਟ ਵੱਲੋਂ ਮਦਦ ਦਾ ਭਰੋਸਾ
ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਹਾਦਸੇ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਕੌਂਸਲੇਟ ਨੇ ਦੱਸਿਆ ਕਿ ਉਹ ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਅਤੇ UAE ਦੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ।
ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਮੁਹੰਮਦ ਅਸਮਿਲ, ਉਸ ਦੀਆਂ ਜੁੜਵਾਂ ਭੈਣਾਂ ਮਿਸਨਾ ਜੁਬਿਨ ਅਤੇ ਮੁਹੰਮਦ ਫ਼ੈਜ਼ ਵਜੋਂ ਦੱਸੀ ਗਈ ਹੈ।
ਅਧਿਕਾਰੀਆਂ ਵੱਲੋਂ ਮ੍ਰਿਤਕਾਂ ਵਿੱਚੋਂ ਕੁਝ ਦੀ ਪਛਾਣ ਦੀ ਪੁਸ਼ਟੀ ਲਈ DNA ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਾਦਸੇ ਬਾਰੇ ਅਪੁਸ਼ਟ ਜਾਣਕਾਰੀ ਜਾਂ ਅਫ਼ਵਾਹਾਂ ਫੈਲਾਉਣ ਤੋਂ ਬਚਣ ਅਤੇ ਸਿਰਫ਼ ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ’ਤੇ ਭਰੋਸਾ ਕਰਨ।

