ਜਲੰਧਰ, (6 ਸਤੰਬਰ, 2026)
ਪੰਜਾਬ ਵਿੱਚ ਇਸ ਸਾਲ ਸਵਾਈਨ ਫਲੂ ਨਾਲ ਜੁੜੀ ਪਹਿਲੀ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਇੱਕ 85 ਸਾਲਾ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ H1N1 ਟੈਸਟ ਰਿਪੋਰਟ ਪਾਜ਼ੀਟਿਵ ਆਈ ਸੀ, ਹਾਲਾਂਕਿ ਸਿਹਤ ਵਿਭਾਗ ਨੇ ਹਾਲੇ ਇਹ ਪੁਸ਼ਟੀ ਨਹੀਂ ਕੀਤੀ ਕਿ ਮੌਤ ਸਿੱਧੇ ਤੌਰ ’ਤੇ ਸਵਾਈਨ ਫਲੂ ਕਾਰਨ ਹੋਈ ਹੈ।
ਮ੍ਰਿਤਕ ਦੀ ਪਛਾਣ ਮੂਲ ਰਾਜ ਵਜੋਂ ਹੋਈ ਹੈ। ਉਹ ਸਾਹ ਲੈਣ ਵਿੱਚ ਤਕਲੀਫ਼ ਕਾਰਨ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਨੂੰ ਪਹਿਲਾਂ ਤੋਂ COPD ਅਤੇ ਹੋਰ ਸਿਹਤ ਸਮੱਸਿਆਵਾਂ ਵੀ ਸਨ। 2 ਸਤੰਬਰ ਨੂੰ ਗੁਰੂ ਨਾਨਕ ਦੇਵ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਕੀਤੇ ਟੈਸਟ ਦੌਰਾਨ ਉਨ੍ਹਾਂ ਦੀ H1N1 ਰਿਪੋਰਟ ਪਾਜ਼ੀਟਿਵ ਆਈ ਸੀ।
ਮੌਤ ਦਾ ਕਾਰਨ ਹਾਲੇ ਸਪੱਸ਼ਟ ਨਹੀਂ
ਸਿਹਤ ਅਧਿਕਾਰੀਆਂ ਮੁਤਾਬਕ ਮਰੀਜ਼ ਦੀ ਉਮਰ ਵੱਧ ਸੀ ਅਤੇ ਉਹ ਪਹਿਲਾਂ ਤੋਂ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ। ਇਸ ਲਈ ਸਿਰਫ਼ H1N1 ਪਾਜ਼ੀਟਿਵ ਹੋਣ ਦੇ ਆਧਾਰ ’ਤੇ ਮੌਤ ਦਾ ਕਾਰਨ ਸਵਾਈਨ ਫਲੂ ਨੂੰ ਨਹੀਂ ਮੰਨਿਆ ਜਾ ਸਕਦਾ।
ਸਿਹਤ ਵਿਭਾਗ ਵੱਲੋਂ ਮਾਮਲੇ ਦਾ ਰਸਮੀ ਹੈਲਥ ਆਡਿਟ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨ ਬਾਰੇ ਸਥਿਤੀ ਸਪੱਸ਼ਟ ਹੋਵੇਗੀ।
ਪੰਜਾਬ ’ਚ 220 H1N1 ਮਾਮਲੇ
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਹੁਣ ਤੱਕ ਪੰਜਾਬ ਵਿੱਚ 1,513 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 220 ਮਾਮਲੇ H1N1 ਪਾਜ਼ੀਟਿਵ ਪਾਏ ਗਏ ਹਨ। ਇਕੱਲੇ ਸ਼ੁੱਕਰਵਾਰ ਨੂੰ 14 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ।
ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਸਭ ਤੋਂ ਵੱਧ 72 ਮਾਮਲੇ ਸਾਹਮਣੇ ਆਏ ਹਨ, ਜਦਕਿ ਮੋਹਾਲੀ ਵਿੱਚ 36, ਪਟਿਆਲਾ ਵਿੱਚ 16, ਮੋਗਾ ਵਿੱਚ 11 ਅਤੇ ਜਲੰਧਰ ਵਿੱਚ 10 ਮਾਮਲੇ ਦਰਜ ਕੀਤੇ ਗਏ ਹਨ।
ਅਗਸਤ ਤੋਂ ਵਧੇ ਮਾਮਲੇ
ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ H1N1 ਦੇ ਮਾਮਲਿਆਂ ਵਿੱਚ ਅਗਸਤ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਫਲੂ ਕਾਰਨਰ ਅਤੇ ਆਈਸੋਲੇਸ਼ਨ ਯੂਨਿਟ ਸਰਗਰਮ ਕੀਤੇ ਗਏ ਹਨ ਤਾਂ ਜੋ ਸ਼ੱਕੀ ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਜਾਂਚ ਅਤੇ ਇਲਾਜ ਕੀਤਾ ਜਾ ਸਕੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਪੰਜਾਬ ਵਿੱਚ ਮਿਲ ਰਿਹਾ H1N1 ਸਟ੍ਰੇਨ ਫਿਲਹਾਲ ਕੋਈ ਨਵਾਂ ਜਾਂ ਮਿਊਟੇਟਿਡ ਸਟ੍ਰੇਨ ਨਹੀਂ ਪਾਇਆ ਗਿਆ। ਵਿਭਾਗ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਫਿਲਹਾਲ ਜਲੰਧਰ ਦੀ ਇਹ ਮੌਤ ਸ਼ੱਕੀ ਸਵਾਈਨ ਫਲੂ ਮੌਤ ਵਜੋਂ ਦਰਜ ਕੀਤੀ ਗਈ ਹੈ ਅਤੇ ਅੰਤਿਮ ਨਤੀਜਾ ਹੈਲਥ ਆਡਿਟ ਤੋਂ ਬਾਅਦ ਹੀ ਸਾਹਮਣੇ ਆਵੇਗਾ।

