ਸਰੀ, ਕੈਨੇਡਾ | 3 ਨਵੰਬਰ 2026
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੀ ਪੁਲਿਸ ਸੇਵਾ ਨੂੰ ਨਵਾਂ ਮੁਖੀ ਮਿਲ ਗਿਆ ਹੈ। ਸਰੀ ਪੁਲਿਸ ਬੋਰਡ ਨੇ ਟੌਡ ਮਾਤਸੁਮੋਟੋ (Todd Matsumoto) ਨੂੰ ਸਰੀ ਪੁਲਿਸ ਸਰਵਿਸ ਦਾ ਨਵਾਂ ਚੀਫ਼ ਕਾਂਸਟੇਬਲ ਨਿਯੁਕਤ ਕੀਤਾ ਹੈ। ਉਹ 30 ਅਕਤੂਬਰ ਤੋਂ ਇਹ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ।
ਜੂਨ ਤੋਂ ਕਾਰਜਕਾਰੀ ਮੁਖੀ ਵਜੋਂ ਕਰ ਰਹੇ ਸਨ ਕੰਮ
ਟੌਡ ਮਾਤਸੁਮੋਟੋ ਜੂਨ 2026 ਤੋਂ ਅੰਤਰਿਮ ਚੀਫ਼ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਹੇ ਸਨ। ਹੁਣ ਉਨ੍ਹਾਂ ਦੀ ਨਿਯੁਕਤੀ ਨਾਲ ਇਸ ਅਹੁਦੇ ’ਤੇ ਪੱਕੀ ਨਿਯੁਕਤੀ ਹੋ ਗਈ ਹੈ।
ਪੁਲਿਸਿੰਗ ਖੇਤਰ ਵਿੱਚ 30 ਸਾਲਾਂ ਤੋਂ ਵੱਧ ਦਾ ਤਜਰਬਾ
ਮਾਤਸੁਮੋਟੋ ਕੋਲ ਮਿਊਂਸਪਲ ਪੁਲਿਸਿੰਗ ਅਤੇ ਜਨਤਕ ਸੁਰੱਖਿਆ ਦੇ ਖੇਤਰ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਨਿਯੁਕਤੀ ਲਈ ਰਾਸ਼ਟਰੀ ਪੱਧਰ ’ਤੇ ਚੋਣ ਪ੍ਰਕਿਰਿਆ ਚਲਾਈ ਗਈ ਸੀ, ਜਿਸ ਵਿੱਚ ਭਾਈਚਾਰੇ ਅਤੇ ਵੱਖ-ਵੱਖ ਸਬੰਧਤ ਧਿਰਾਂ ਦੀ ਰਾਏ ਵੀ ਲਈ ਗਈ।
ਪੁਲਿਸ ਬੋਰਡ ਨੇ ਜਤਾਇਆ ਭਰੋਸਾ
ਸਰੀ ਪੁਲਿਸ ਬੋਰਡ ਦੇ ਚੇਅਰਪਰਸਨ ਪਰਮ ਜਵਾਂਡਾ ਨੇ ਨਵੀਂ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਤਸੁਮੋਟੋ ਪੁਲਿਸ ਸੇਵਾ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਰੀ ਪੁਲਿਸ ਯੂਨੀਅਨ ਨੇ ਵੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।
ਮਾਤਸੁਮੋਟੋ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਪਾਰਦਰਸ਼ਤਾ, ਲਗਾਤਾਰ ਸੰਚਾਰ ਅਤੇ ਭਾਈਚਾਰੇ ਨਾਲ ਮਜ਼ਬੂਤ ਸਬੰਧ ਬਣਾਉਣ ’ਤੇ ਰਹੇਗਾ।

