ਚੰਡੀਗੜ੍ਹ : 20 ਅਕਤੂਬਰ, 2026
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਰਦਾਸਪੁਰ, ਸੰਗਰੂਰ ਤੇ ਮਾਨਸਾ ਵਿੱਚ ਨਸ਼ਿਆਂ ਖਿਲਾਫ਼ ਅਵਾਜ਼ ਚੁੱਕਣ ਕਾਰਨ ਕਤਲ ਕੀਤੇ ਗਏ ਜਾਂ ਖੁਦਕਸ਼ੀ ਲਈ ਮਜ਼ਬੂਰ ਹੋਏ, ਬਿਕਰਮਜੀਤ ਸਿੰਘ, ਪਰਵਿੰਦਰ ਸਿੰਘ ਝੋਟਾ ਤੇ ਗੁਲਜ਼ਾਰ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਗੁਰਦਾਸਪੁਰ ਵਿੱਚ ਬਿਕਰਮਜੀਤ ਸਿੰਘ, ਸੰਗਰੂਰ ਵਿੱਚ ਗੁਲਜ਼ਾਰ ਅਤੇ ਮਾਨਸਾ ਵਿੱਚ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਵੇਦਨਾ ਸੁਣ ਕੇ ਮੇਰਾ ਮੰਨ ਝੰਜੋੜਿਆ ਗਿਆ ਹੈ। ਜਿਸ ਤਰ੍ਹਾਂ ਦਾ ਦਰਦ ਮੈਂ ਦੁਸ਼ਹਿਰੇ ਦੇ ਦਿਨ ਪੰਜਾਬ ਵਿੱਚ ਘੁੰਮ ਦੇ ਸੁਣਿਆ ਤੇ ਦੇਖਿਆ ਉਸ ਕਾਰਨ ਮੈਂ ਪੂਰੀ ਜ਼ਿੰਦਗੀ ਇਹ ਦੁਸ਼ਹਿਰ ਨਹੀਂ ਭੁੱਲਾਂਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਸੂਬੇ ਨੂੰ 31 ਦਸੰਬਰ 2029 ਤੱਕ ਨਸ਼ਾ ਮੁਕਤ ਕਰਨ ਦਾ ਨਰਿੰਦਰ ਮੋਦੀ ਸਰਕਾਰ ਦਾ ਸੰਕਲਪ ਦੋਹਰਾਇਆ।

➖ ਬਿਕਰਮਜੀਤ ਦੇ ਪਰਿਵਾਰ ਨਾਲ ਮੁਲਾਕਾਤ
ਅਮਿਤ ਸ਼ਾਹ ਨੇ ਸਭ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਬਟਾਲਾ ਨੇੜੇ ਪਿੰਡ ਮਾੜੀ ਪੰਨੂਆਂ ਵਿਖੇ ਪਿਛਲੇ ਦਿਨੀਂ ਨਸ਼ਾ ਮਾਫ਼ੀਆ ਵੱਲੋਂ ਕਥਿਤ ਤੌਰ ’ਤੇ ਕਤਲ ਕੀਤੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਲਗਭਗ 15 ਮਿੰਟ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਿਵਾਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ।

ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਫਤਿਹਜੰਗ ਬਾਜਵਾ, ਜਨਰਲ ਸਕੱਤਰ ਰਾਜੇਸ਼ ਬਾਘਾ ਅਤੇ ਬਟਾਲਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਵੀ ਮੌਜੂਦ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਇਸ ਮਾਮਲੇ ਦੀ ਵੀ ਸੀਬੀਆਈ ਜਾਂਚ ਕਰਵਾਉਣਗੇ।

➖ ਗੁਲਜ਼ਾਰ ਦੇ ਪਰਿਵਾਰ ਨਾਲ ਮੁਲਾਕਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਦੁਪਹਿਰ ਕਰੀਬ 2:30 ਵਜੇ ਸੰਗਰੂਰ ਪਹੁੰਚੇ ਅਤੇ ਤੂਰ ਬੰਜਾਰਾ ਪਿੰਡ ਵਿੱਚ ਗੁਲਜ਼ਾਰ ਸਿੰਘ ਦੀ ਪਤਨੀ, ਦੋਵਾਂ ਪੁੱਤਰਾਂ ਅਤੇ ਭਰਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਗਰੂਰ ਵਿੱਚ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਕਾਰਨ ਪੁਲਿਸ ਦੀ ਕਥਿਤ ਜ਼ਿਆਦਤੀ ਦਾ ਸਾਹਮਣਾ ਕਰਨ ਵਾਲੇ ਮੋਹਨਜੀਤ ਸ਼ੇਰੋਂ ਵੀ ਮੌਜੂਦ ਸਨ।
ਕਰੀਬ 10 ਮਿੰਟ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਅਮਿਤ ਸ਼ਾਹ ਨੇ ਪਰਿਵਾਰਕ ਮੈਂਬਰਾਂ ਨਾਲ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦਾ ਵਾਅਦਾ ਕੀਤਾ।

ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਗੇਜਾ ਰਾਮ ਵਾਲਮੀਕਿ, ਸਤਨਾਮ ਸਿੰਘ ਸੰਧੂ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਦਮਨਬੀਰ ਬਾਜਵਾ ਵੀ ਮੌਜੂਦ ਸਨ।
ਪੀੜਤ ਪਰਿਵਾਰ ਨੇ ਕਿਹਾ ਕਿ ਅਮਿਤ ਸ਼ਾਹ ਨੇ ਪੰਜਾਬ ਵਿੱਚੋਂ ਚਿੱਟਾ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ ਨਹੀਂ ਆਏ, ਪਰ ਅਮਿਤ ਸ਼ਾਹ ਦਿੱਲੀ ਤੋਂ ਇੱਥੇ ਪਹੁੰਚੇ ਹਨ।

➖ਝੋਟਾ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ, ਇਨਸਾਫ਼ ਦਾ ਦਿੱਤਾ ਭਰੋਸਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮ ਕਰੀਬ 3:30 ਵਜੇ ਮਾਨਸਾ ਪਹੁੰਚੇ। ਉਨ੍ਹਾਂ ਨੇ ਮੈਡੀਕਲ ਨਸ਼ਿਆਂ ਦੀ ਵਿਕਰੀ ਵਿਰੁੱਧ ਆਵਾਜ਼ ਉਠਾਉਣ ਕਾਰਨ ਕਥਿਤ ਤੌਰ ’ਤੇ ਕਤਲ ਕੀਤੇ ਗਏ ਨੌਜਵਾਨ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਾ ਭਰੋਸਾ ਦਿਵਾਇਆ।

ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਮਹਾਰਾਣੀ ਪ੍ਰਨੀਤ ਕੌਰ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਮੌਜੂਦ ਸਨ।

Leave a Reply

Your email address will not be published. Required fields are marked *