30 ਜੁਲਾਈ 2026 (ਮੁੰਬਈ)
ਅਹਿਮ ਗੱਲਾਂ
- ਭਾਰਤੀ ਕ੍ਰਿਕਟ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ਾਂ ਵਿੱਚ ਸ਼ੁਮਾਰ ਅਜਿੰਕਿਆ ਰਹਾਣੇ ਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
- ਆਪਣੇ ਵਿਦਾਈ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਦੇਸ਼ ਅਤੇ ਟੀਮ ਨੂੰ ਆਪਣੇ ਆਪ ਤੋਂ ਉੱਪਰ ਰੱਖਿਆ।
- 2020-21 ਵਿੱਚ ਆਸਟ੍ਰੇਲੀਆ ਵਿੱਚ ਇਤਿਹਾਸਕ ਟੈਸਟ ਸੀਰੀਜ਼ ਜਿਤਾਉਣ ਵਾਲੇ ਰਹਾਣੇ ਨੇ ਆਪਣੇ ਦੋ ਦਹਾਕੇ ਲੰਬੇ ਕ੍ਰਿਕਟ ਸਫ਼ਰ ਨੂੰ ਭਾਵੁਕ ਅੰਦਾਜ਼ ਵਿੱਚ ਅਲਵਿਦਾ ਕਿਹਾ।
‘ਹਰ ਸ਼ੁਰੂਆਤ ਦਾ ਇੱਕ ਅੰਤ ਹੁੰਦਾ ਹੈ’
ਸੰਨਿਆਸ ਦਾ ਐਲਾਨ ਕਰਦੇ ਹੋਏ ਰਹਾਣੇ ਨੇ ਕਿਹਾ, “ਜ਼ਿੰਦਗੀ ਦੀ ਸੱਚਾਈ ਇਹੀ ਹੈ ਕਿ ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਅਤੇ ਹਰ ਚੀਜ਼ ਦਾ ਅੰਤ ਵੀ ਹੁੰਦਾ ਹੈ। ਜਦੋਂ ਉਹ ਸਮਾਂ ਆਉਂਦਾ ਹੈ ਤਾਂ ਸਾਨੂੰ ਉਸ ਦਾ ਸਤਿਕਾਰ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਬੱਲੇਬਾਜ਼ੀ ਵਿੱਚ ਮੈਂ ਹਮੇਸ਼ਾ ਸਹੀ ਟਾਈਮਿੰਗ ‘ਤੇ ਭਰੋਸਾ ਕੀਤਾ ਹੈ ਅਤੇ ਉਸ ਦੀ ਅਹਿਮੀਅਤ ਨੂੰ ਸਮਝਿਆ ਹੈ। ਅੱਜ ਮੈਨੂੰ ਲੱਗਦਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਅਤੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਲਈ ਇਹੀ ਸਹੀ ਸਮਾਂ ਹੈ।”
ਡੋਂਬੀਵਲੀ ਤੋਂ ਟੀਮ ਇੰਡੀਆ ਤੱਕ ਦਾ ਸਫ਼ਰ
ਆਪਣੇ ਸ਼ੁਰੂਆਤੀ ਸੰਘਰਸ਼ਾਂ ਨੂੰ ਯਾਦ ਕਰਦੇ ਹੋਏ ਰਹਾਣੇ ਨੇ ਕਿਹਾ ਕਿ ਡੋਂਬੀਵਲੀ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਫ਼ਰ ਸਿਰਫ਼ ਇੱਕ ਸੁਪਨਾ ਪੂਰਾ ਕਰਨ ਲਈ ਸੀ। ਉਨ੍ਹਾਂ ਕਿਹਾ, “ਡੋਂਬੀਵਲੀ ਤੋਂ ਇੱਕ ਛੋਟੇ ਲੜਕੇ ਦੇ ਰੂਪ ਵਿੱਚ ਅਭਿਆਸ ਕਰਨ ਲਈ ਸਫ਼ਰ ਸ਼ੁਰੂ ਕੀਤਾ ਸੀ। ਮੈਂ ਇਸ ਖੇਡ ਨੂੰ ਆਪਣਾ ਸਭ ਕੁਝ ਦਿੱਤਾ। ਹਰ ਦਿਨ, ਹਰ ਪਾਰੀ ਅਤੇ ਬੱਲੇਬਾਜ਼ੀ ਦਾ ਹਰ ਮੌਕਾ ਮੇਰੇ ਲਈ ਭਾਰਤ ਦੀ ਕੈਪ ਪਹਿਨਣ ਦੇ ਸੁਪਨੇ ਨਾਲ ਜੁੜਿਆ ਸੀ।”
20 ਸਾਲਾਂ ਤੱਕ ਭਾਰਤੀ ਕ੍ਰਿਕਟ ਦਾ ਹਿੱਸਾ ਬਣਨ ‘ਤੇ ਮਾਣ
ਰਹਾਣੇ ਨੇ ਭਾਵੁਕ ਹੋ ਕੇ ਕਿਹਾ, “ਜਦੋਂ ਤੋਂ ਮੈਂ ਫਰਸਟ ਕਲਾਸ ਕ੍ਰਿਕਟ ਵਿੱਚ ਡੈਬਿਊ ਕੀਤਾ, ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤੀ ਕ੍ਰਿਕਟ ਨੇ ਜ਼ਬਰਦਸਤ ਤਰੱਕੀ ਕੀਤੀ ਹੈ। ਪਿਛਲੇ 20 ਸਾਲਾਂ ਤੱਕ ਇਸ ਸਫ਼ਰ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇੱਕ ਭਾਰਤੀ ਕ੍ਰਿਕਟਰ ਦੇ ਰੂਪ ਵਿੱਚ ਮੇਰਾ ਅਧਿਆਏ ਭਾਵੇਂ ਸਮਾਪਤ ਹੋ ਰਿਹਾ ਹੋਵੇ, ਪਰ ਕ੍ਰਿਕਟ ਨਾਲ ਮੇਰਾ ਸਫ਼ਰ ਇੱਥੇ ਖ਼ਤਮ ਨਹੀਂ ਹੋਵੇਗਾ। ਹੁਣ ਮੈਂ ਅਗਲੀ ਪੀੜ੍ਹੀ ਦੀ ਮਦਦ ਕਰਨ ਅਤੇ ਇਸ ਖੇਡ ਤੋਂ ਮਿਲੇ ਗੁਣਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ।”
ਮੈਲਬੌਰਨ ਦੀ ਪਾਰੀ ਹਮੇਸ਼ਾ ਯਾਦ ਰਹੇਗੀ
ਰਹਾਣੇ ਦੇ ਕਰੀਅਰ ਦਾ ਸਭ ਤੋਂ ਸੁਨਹਿਰੀ ਪੰਨਾ 2020-21 ਦੀ ਬਾਰਡਰ-ਗਾਵਸਕਰ ਟਰਾਫੀ ਰਿਹਾ। ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਨੇ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਅਤੇ ਮੈਲਬੌਰਨ ਟੈਸਟ ਵਿੱਚ ਸੈਂਕੜਾ ਜੜ ਕੇ ਭਾਰਤ ਦੀ ਵਾਪਸੀ ਕਰਵਾਈ। ਇਸ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਨੂੰ ਉਸੇ ਦੀ ਧਰਤੀ ‘ਤੇ 2-1 ਨਾਲ ਹਰਾ ਕੇ ਇਤਿਹਾਸ ਰਚਿਆ ਸੀ।

