ਨਵੀਂ ਦਿੱਲੀ, 28 ਸਤੰਬਰ 2026
ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਘਰੇਲੂ ਇਲੈਕਟ੍ਰਾਨਿਕ ਸਾਮਾਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਅਹਿਮ ਖ਼ਬਰ ਹੈ। 1 ਅਕਤੂਬਰ ਤੋਂ AC, LED TV, ਵਾਸ਼ਿੰਗ ਮਸ਼ੀਨ ਅਤੇ ਫ੍ਰਿਜ ਸਮੇਤ ਕਈ ਕੰਜਿਊਮਰ ਇਲੈਕਟ੍ਰਾਨਿਕ ਉਤਪਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਕੰਪਨੀਆਂ ਵੱਲੋਂ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵਿੱਚ ਲਗਭਗ 3 ਤੋਂ 8 ਫ਼ੀਸਦੀ ਤੱਕ ਵਾਧੇ ਦੀ ਤਿਆਰੀ ਕੀਤੀ ਜਾ ਰਹੀ ਹੈ।
AC ਦੀ ਕੀਮਤ 5 ਤੋਂ 8 ਫ਼ੀਸਦੀ ਤੱਕ ਵਧਣ ਦੀ ਸੰਭਾਵਨਾ
ਰਿਪੋਰਟਾਂ ਮੁਤਾਬਕ AC ਦੀਆਂ ਕੀਮਤਾਂ ਵਿੱਚ ਕਰੀਬ 5 ਤੋਂ 8 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ। ਉੱਥੇ ਹੀ ਕੁਝ ਕੰਪਨੀਆਂ ਵੱਲੋਂ LED TV, ਵਾਸ਼ਿੰਗ ਮਸ਼ੀਨ ਅਤੇ ਫ੍ਰਿਜ ਦੀਆਂ ਕੀਮਤਾਂ ਵਿੱਚ 3 ਤੋਂ 4 ਫ਼ੀਸਦੀ ਤੱਕ ਵਾਧਾ ਕਰਨ ਦੀ ਤਿਆਰੀ ਹੈ। ਇਹ 2026 ਵਿੱਚ ਇਸ ਸੈਕਟਰ ਵਿੱਚ ਕੀਮਤਾਂ ਵਧਣ ਦਾ ਤੀਜਾ ਦੌਰ ਹੋਵੇਗਾ।
ਕਿਉਂ ਵਧ ਰਹੀਆਂ ਹਨ ਕੀਮਤਾਂ?
ਕੰਪਨੀਆਂ ਮੁਤਾਬਕ ਤਾਂਬਾ, ਐਲੂਮੀਨੀਅਮ, ਸਟੀਲ ਅਤੇ ਪਲਾਸਟਿਕ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਧਣ ਦੇ ਨਾਲ ਮਾਲ ਢੁਆਈ ਦੀ ਲਾਗਤ ਅਤੇ ਕਰੰਸੀ ਵਿੱਚ ਉਤਾਰ-ਚੜ੍ਹਾਅ ਕਾਰਨ ਉਤਪਾਦਨ ਲਾਗਤ ਵਧੀ ਹੈ। ਖ਼ਾਸ ਕਰਕੇ AC ਵਿੱਚ ਤਾਂਬੇ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਇਸ ਦੀ ਕੀਮਤ ਵਿੱਚ ਵਾਧੇ ਦਾ ਸਿੱਧਾ ਅਸਰ ਉਤਪਾਦਨ ਲਾਗਤ ’ਤੇ ਪੈ ਰਿਹਾ ਹੈ।
ਹਾਇਰ ਇੰਡੀਆ ਦੇ ਮੁਤਾਬਕ ਤਾਂਬੇ ਦੀ ਕੀਮਤ ਪਿਛਲੇ ਸਾਲ ਦੇ ਲਗਭਗ 8,000-9,000 ਡਾਲਰ ਪ੍ਰਤੀ ਟਨ ਤੋਂ ਵਧ ਕੇ ਕਰੀਬ 14,500 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਕੰਪਨੀ ਨੇ 1 ਅਕਤੂਬਰ ਤੋਂ AC ਦੀਆਂ ਕੀਮਤਾਂ ਵਿੱਚ ਲਗਭਗ 5 ਫ਼ੀਸਦੀ ਵਾਧੇ ਦੀ ਗੱਲ ਕਹੀ ਹੈ।
ਤਿਉਹਾਰੀ ਸੀਜ਼ਨ ’ਤੇ ਕੀ ਹੋਵੇਗਾ ਅਸਰ?
ਤਿਉਹਾਰੀ ਸੀਜ਼ਨ ਦੌਰਾਨ AC, TV ਅਤੇ ਹੋਮ ਅਪਲਾਇੰਸਿਸ ਦੀ ਮੰਗ ਆਮ ਤੌਰ ’ਤੇ ਵਧ ਜਾਂਦੀ ਹੈ। ਹਾਲਾਂਕਿ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਕੋਲ ਅਗਸਤ-ਸਤੰਬਰ ਵਿੱਚ ਪੁਰਾਣੀਆਂ ਕੀਮਤਾਂ ’ਤੇ ਖਰੀਦਿਆ ਸਟਾਕ ਮੌਜੂਦ ਹੋਣ ਕਾਰਨ ਕੁਝ ਸਮੇਂ ਲਈ ਗਾਹਕਾਂ ਨੂੰ ਪੁਰਾਣੀਆਂ ਕੀਮਤਾਂ ਜਾਂ ਡਿਸਕਾਊਂਟ ਦਾ ਲਾਭ ਮਿਲ ਸਕਦਾ ਹੈ।
ਇਸ ਲਈ ਜੇਕਰ ਤੁਸੀਂ ਤਿਉਹਾਰੀ ਸੀਜ਼ਨ ਵਿੱਚ AC, ਫ੍ਰਿਜ, TV ਜਾਂ ਵਾਸ਼ਿੰਗ ਮਸ਼ੀਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ 1 ਅਕਤੂਬਰ ਤੋਂ ਪਹਿਲਾਂ ਮੌਜੂਦਾ ਕੀਮਤਾਂ ਅਤੇ ਉਪਲਬਧ ਆਫ਼ਰਾਂ ਦੀ ਤੁਲਨਾ ਕਰਨਾ ਫਾਇਦੇਮੰਦ ਹੋ ਸਕਦਾ ਹੈ।

