ਅੰਮ੍ਰਿਤਸਰ/ ਚੰਡੀਗੜ੍ਹ / 21 ਜੂਨ, 2026

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ 3 ਦਿਨਾਂ ਪਲੇਠੀ ਪੰਜਾਬ ਫੇਰੀ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਨਾਲ ਕੀਤੀ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਪੰਜਾਬ ਨੂੰ ਵਿਲੱਖਣ ਰਾਜ ਪ੍ਰਬੰਧ ਦੀ ਪਛਾਣ ਦਿੱਤੀ ਸੀ, ਉਵੇਂ ਹੀ ਅਸੀਂ ਸਾਰੇ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜੀਏ।’’

ਨਿਤਿਨ ਨਬੀਨ ਨੇ ਕਿਹਾ ਕਿ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਅਤੇ ਪੰਜਾਬ ਦੇ ਲੋਕਾਂ ਦੇ ਸੁੱਖ-ਸਾਂਤੀ ਅਤੇ ਤਰੱਕੀ ਲਈ ਅਰਦਾਸ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਤੋਂ ਆਇਆ ਹਾਂ, ਉਹ ਮੇਰੀ ਕਰਮਭੂਮੀ ਹੈ ਅਤੇ ਮੈਂ ਪੂਰੇ ਦੇਸ਼ ਦੇ ਲੋਕਾਂ ਦੀ ਅਮਨ-ਸਾਂਤੀ ਲਈ ਵੀ ਅਰਦਾਸ ਕੀਤੀ ਹੈ।

ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਨੇ ਪੰਜਾਬ ਨੂੰ ਪੂਰੀ ਦੁਨੀਆਂ ਵਿੱਚ ਵਿਲੱਖਣ ਪਛਾਣ ਦੁਆਈ ਹੈ। ਮੈਂ ਉਸੇ ਪੰਜਾਬ ਲਈ ਅਰਦਾਸ ਕੀਤੀ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਪੂਰਾ ਦੇਸ ਤਰੱਕੀ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ, ਉਵੇਂ ਹੀ ਸਾਡਾ ਪੰਜਾਬ ਵਿਕਾਸ ਦੇ ਮਾਪਦੰਡਾਂ ਉੱਤੇ ਅੱਗੇ ਵਧੇ ਅਤੇ ਤਰੱਕੀ ਦੀਆਂ ਕਿਰਨਾਂ ਪੰਜਾਬ ਦੇ ਹਰ ਘਰ, ਮੁਹੱਲੇ ਅਤੇ ਹਰ ਪਿੰਡ ਤੱਕ ਪਹੁੰਚਣ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਕਿ ਮੈਨੂੰ ਇਸ ਪਵਿੱਤਰ ਧਰਤੀ ਅਤੇ ਇਸ ਪਵਿੱਤਰ ਅਸਥਾਨ ‘ਤੇ ਆਉਣ ਦਾ ਮੌਕਾ ਮਿਲਿਆ। ਅੱਜ ਇੱਥੇ ਅਰਦਾਸ ਕਰਕੇ ਮੇਰੇ ਅੰਦਰ ਇੱਕ ਨਵੀਂ ਊਰਜਾ ਆਈ ਹੈ, ਜਿਸ ਊਰਜਾ ਨਾਲ ਮੈਂ ਪੂਰੇ ਦੇਸ਼ ਅਤੇ ਪੂਰੇ ਪੰਜਾਬ ਦੀ ਸੇਵਾ ਅਤੇ ਵਿਕਾਸ ਦਾ ਸੰਕਲਪ ਲਿਆ ਹੈ।

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਨਰਿੰਦਰ ਰੈਣਾ, ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਪ੍ਰਧਾਨ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਹੋਰ ਕਈ ਸੀਨੀਅਰ ਪਾਰਟੀ ਆਗੂ ਹਾਜ਼ਰ ਸਨ।

ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਵੀ ਦੌਰਾ ਕੀਤਾ ਅਤੇ ਵਿਸਾਖੀ-1919 ਦੇ ਸਾਕੇ ਦੇ ਸ਼ਹੀਦਾਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਪਾਰਟੀ ਆਗੂਆਂ ਨੇ ‘ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦ ਅਮਰ ਰਹੇ’ ਅਤੇ ‘ਭਾਰਤ ਮਾਤਾ ਕੀ ਹੈ’, ਵਰਗੇ ਨਾਅਰੇ ਲਗਾ ਕੇ ਸ਼ਹੀਦਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ।

ਇਸ ਉਪਰੰਤ ਉਨ੍ਹਾਂ ਨੇ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕ ਕੇ ਦੇਸ਼ ਦੀ ਏਕਤਾ ਅਤੇ ਸਮਾਜਿਕ ਸਦਭਾਵਨਾ ਲਈ ਪ੍ਰਾਰਥਨਾ ਕੀਤੀ। ਇੱਥੇ ਉਨ੍ਹਾਂ ਨੇ ਭਾਰਤੀ ਸੱਭਿਆਚਾਰ, ਆਧਿਆਤਮਿਕ ਵਿਰਾਸਤ ਅਤੇ ਰੂਹਾਨੀ ਪਰੰਪਰਾਵਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਇਆ।

ਇਸ ਤੋਂ ਬਾਅਦ ਉਹ ਸ੍ਰੀ ਰਾਮ ਤੀਰਥ ਅਸਥਾਨ ਗਏ ਅਤੇ ਉਨ੍ਹਾਂ ਭਗਵਾਨ ਵਾਲਮੀਕੀ ਜੀ ਅੱਗੇ ਮੱਥਾ ਟੇਕਿਆ ਅਤੇ ਭਾਰਤ ਦੀ ਮਹਾਨ ਰੂਹਾਨੀ ਪ੍ਰਪੰਰਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।

ਅੰਮ੍ਰਿਤਸਰ ਵਿੱਚ ਕੌਮੀ ਪ੍ਰਧਾਨ ਨੇ ਪੰਜਾਬ ਭਾਜਪਾ ਦੀ ਕੋਰ ਕਮੇਟੀ ਨਾਲ ਅਹਿਮ ਬੈਠਕ ਵੀ ਕੀਤੀ।

ਨਿਤਿਨ ਨਬੀਨ ਅੱਜ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨ ਏਅਰ ਪੋਰਟ ਉੱਤੇ ਪਹੁੰਚੇ, ਜਿੱਥੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੌਮੀ ਸਕੱਤਰ ਨਰਿੰਦਰ ਸਿੰਘ ਰੈਣਾ, ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ, ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਸ਼ਵੇਤ ਮਲਿਕ, ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ, ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਸਮੇਤ ਸੈਂਕੜੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *