ਨਵੀਂ ਦਿੱਲੀ: 24 ਨਵੰਬਰ, 2026

ਪਾਕਿਸਤਾਨ ਨੇ ਭਾਰਤ ਸਮੇਤ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਦੇ ਲੋਕਾਂ ਨੂੰ ਇਤਿਹਾਸਕ ਸ਼ਹਿਰ ਲਾਹੌਰ ਆਉਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਦੀ ਸੀਨੀਅਰ ਡਿਪਲੋਮੈਟ ਫਰਹਤ ਆਇਸ਼ਾ ਨੇ ਕਿਹਾ ਹੈ ਕਿ ਲਾਹੌਰ ਨੂੰ ਸਾਲ 2026-27 ਲਈ SCO ਦੀ ‘ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ’ ਐਲਾਨੇ ਜਾਣ ਤੋਂ ਬਾਅਦ ਅਗਲੇ ਸਾਲ ਸ਼ਹਿਰ ਵਿੱਚ ਕਈ ਸੱਭਿਆਚਾਰਕ ਸਮਾਗਮ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਫਰਹਤ ਆਇਸ਼ਾ ਨੇ ਇਹ ਸੱਦਾ ਨਵੀਂ ਦਿੱਲੀ ਵਿੱਚ ਭਾਰਤ ਦੀ ਮੇਜ਼ਬਾਨੀ ਹੇਠ ਹੋਏ SCO ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ ਦੇ ਸਮਾਪਤੀ ਸਮਾਗਮ ਦੌਰਾਨ ਦਿੱਤਾ। ਉਹ ਪਾਕਿਸਤਾਨ ਦੇ ਸੰਘੀ ਮੰਤਰੀ ਮੁਸਾਦਿਕ ਮਲਿਕ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਸਨ।

ਲਾਹੌਰ ਦੀ ਇਤਿਹਾਸਕ ਵਿਰਾਸਤ ਨੂੰ ਦੁਨੀਆ ਸਾਹਮਣੇ ਲਿਆਉਣ ਦੀ ਤਿਆਰੀ

ਫਰਹਤ ਆਇਸ਼ਾ ਨੇ ਦੱਸਿਆ ਕਿ ਅਗਲੇ ਸਾਲ ਲਾਹੌਰ ਵਿੱਚ ਕਈ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਹੈ। ਇਨ੍ਹਾਂ ਸਮਾਗਮਾਂ ਦਾ ਮਕਸਦ ਸ਼ਹਿਰ ਦੀ ਅਮੀਰ ਵਿਰਾਸਤ ਅਤੇ ਇਤਿਹਾਸ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦੇ ਨਾਲ-ਨਾਲ ਇਸ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਨਾ ਵੀ ਹੈ।

ਉਨ੍ਹਾਂ ਕਿਹਾ ਕਿ ਲੋਕ ਲਾਹੌਰ ਆਉਣ ਅਤੇ ਇੱਥੋਂ ਦੇ ਇਤਿਹਾਸ ਤੇ ਵਿਰਾਸਤ ਦਾ ਅਨੁਭਵ ਕਰਨ। ਪਾਕਿਸਤਾਨ ਅਗਲੇ ਸਾਲ SCO ਨਾਲ ਸਬੰਧਤ ਕਈ ਬੈਠਕਾਂ ਦੀ ਮੇਜ਼ਬਾਨੀ ਵੀ ਕਰੇਗਾ, ਜਿਨ੍ਹਾਂ ਵਿੱਚ ਮੈਂਬਰ ਦੇਸ਼ਾਂ ਦੇ ਸੱਭਿਆਚਾਰ ਮੰਤਰੀਆਂ ਦੀ ਬੈਠਕ ਵੀ ਸ਼ਾਮਲ ਹੋਵੇਗੀ।

ਪਹਿਲੀ ਵਾਰ ਭਾਰਤ ਆਈ ਪਾਕਿਸਤਾਨੀ ਡਿਪਲੋਮੈਟ

ਫਰਹਤ ਆਇਸ਼ਾ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਸੀ। ਉਨ੍ਹਾਂ ਨੇ ਦਿੱਲੀ ਅਤੇ ਲਾਹੌਰ ਵਿਚਾਲੇ ਸੱਭਿਆਚਾਰਕ ਸਮਾਨਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਵਿਦੇਸ਼ ਆਉਣ ਵਰਗਾ ਅਹਿਸਾਸ ਨਹੀਂ ਹੋਇਆ।

ਉਨ੍ਹਾਂ ਮੁਤਾਬਕ ਤਿੰਨ ਦਿਨਾਂ ਦਾ ਸੰਮੇਲਨ ਕਾਫ਼ੀ ਰੁਝੇਵਿਆਂ ਭਰਿਆ ਰਿਹਾ, ਜਿਸ ਕਾਰਨ ਉਹ ਪੁਰਾਣਾ ਕਿਲ੍ਹਾ ਵੀ ਚੰਗੀ ਤਰ੍ਹਾਂ ਨਹੀਂ ਦੇਖ ਸਕੇ। ਉਨ੍ਹਾਂ ਦੀ ਇੱਛਾ ਦਿੱਲੀ ਨੂੰ ਹੋਰ ਨੇੜਿਓਂ ਦੇਖਣ ਅਤੇ ਇਸ ਦੇ ਇਤਿਹਾਸ ਬਾਰੇ ਜਾਣਨ ਦੀ ਸੀ।

ਲਾਹੌਰ ਦੇ ਇਨ੍ਹਾਂ ਇਤਿਹਾਸਕ ਸਥਾਨਾਂ ’ਤੇ ਰਹੇਗਾ ਧਿਆਨ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਨੂੰ ਦੇਸ਼ ਦਾ ਸੱਭਿਆਚਾਰਕ ਕੇਂਦਰ ਮੰਨਿਆ ਜਾਂਦਾ ਹੈ। ਇਹ ਸ਼ਹਿਰ ਆਪਣੇ ਇਤਿਹਾਸਕ ਕਿਲ੍ਹਿਆਂ, ਮਸਜਿਦਾਂ, ਬਾਗ਼ਾਂ, ਅਜਾਇਬ ਘਰਾਂ ਅਤੇ ਪੁਰਾਣੀਆਂ ਹਵੇਲੀਆਂ ਲਈ ਪ੍ਰਸਿੱਧ ਹੈ।

ਇੱਥੋਂ ਦੇ ਪ੍ਰਮੁੱਖ ਇਤਿਹਾਸਕ ਸਥਾਨਾਂ ਵਿੱਚ ਲਾਹੌਰ ਕਿਲ੍ਹਾ, ਬਾਦਸ਼ਾਹੀ ਮਸਜਿਦ, ਸ਼ਾਲੀਮਾਰ ਬਾਗ਼, ਲਾਹੌਰ ਅਜਾਇਬ ਘਰ ਅਤੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਸ਼ਾਮਲ ਹਨ। ਪੁਰਾਣੇ ਸ਼ਹਿਰ ਦੀਆਂ ਗਲੀਆਂ ਅਤੇ ਸਦੀਆਂ ਪੁਰਾਣੀਆਂ ਹਵੇਲੀਆਂ ਅਣਵੰਡੇ ਭਾਰਤ ਦੀ ਸਾਂਝੀ ਵਿਰਾਸਤ ਦੀ ਯਾਦ ਦਿਵਾਉਂਦੀਆਂ ਹਨ।

ਵਾਰਾਣਸੀ ਤੋਂ ਬਾਅਦ ਲਾਹੌਰ ਨੂੰ ਮਿਲਿਆ ਇਹ ਮਾਣ

SCO ਵੱਲੋਂ ਸਾਲ 2022 ਤੋਂ ਮੈਂਬਰ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ ਦਾ ਦਰਜਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਾਰਾਣਸੀ ਨੂੰ 2022-23, ਕਜ਼ਾਕਿਸਤਾਨ ਦੇ ਅਲਮਾਟੀ ਨੂੰ 2023-24, ਚੀਨ ਦੇ ਕਿੰਗਦਾਓ ਨੂੰ 2024-25 ਅਤੇ ਕਿਰਗਿਜ਼ਸਤਾਨ ਦੇ ਚੋਲਪੋਨ-ਅਤਾ ਨੂੰ 2025-26 ਲਈ ਇਹ ਮਾਣ ਮਿਲਿਆ ਸੀ।

ਲਾਹੌਰ ਨੂੰ 2026-27 ਲਈ ਇਹ ਦਰਜਾ ਦਿੱਤੇ ਜਾਣ ਦਾ ਫੈਸਲਾ ਸਤੰਬਰ 2026 ਵਿੱਚ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋਈ SCO ਦੀ 26ਵੀਂ ਸਿਖਰ ਬੈਠਕ ਦੌਰਾਨ ਐਲਾਨਿਆ ਗਿਆ ਸੀ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਮੈਂਬਰ ਦੇਸ਼ਾਂ ਵਿਚਾਲੇ ਸੈਰ-ਸਪਾਟੇ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰਨਾ ਹੈ।

Leave a Reply

Your email address will not be published. Required fields are marked *