ਚੰਡੀਗੜ੍ਹ, 18 ਅਕਤੂਬਰ 2026
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਨਵੀਂ ਫ਼ਿਲਮ ‘ਥਾਪੀ’ ਦੀ ਸਿਨੇਮਾਘਰਾਂ ਵਿੱਚ ਸਕ੍ਰੀਨਿੰਗ ਰੋਕਣ ਦਾ ਐਲਾਨ ਕੀਤਾ ਹੈ। ਅਦਾਕਾਰਾ ਨੇ ਇਹ ਫੈਸਲਾ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨਾਲ ਸਬੰਧਤ ਮਾਮਲੇ ਵਿੱਚ ਇਨਸਾਫ਼ ਦੀ ਮੰਗ ਦੇ ਸਮਰਥਨ ਵਿੱਚ ਲਿਆ ਹੈ।
ਖ਼ਬਰਵਾਲੇ ਦੀ ਰਿਪੋਰਟ ਮੁਤਾਬਕ, ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਫ਼ਿਲਮ ਦੀ ਥੀਏਟਰਲ ਰਿਲੀਜ਼ ਨੂੰ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਮੁਤਾਬਕ, ਪੰਜਾਬ ਅਤੇ ਪੰਜਾਬ ਦੇ ਲੋਕ ਕਿਸੇ ਵੀ ਫ਼ਿਲਮ ਦੀ ਰਿਲੀਜ਼ ਨਾਲੋਂ ਵੱਧ ਮਹੱਤਵ ਰੱਖਦੇ ਹਨ।
‘ਪੰਜਾਬ ਤੋਂ ਵੱਧ ਸਾਡੇ ਲਈ ਕੁਝ ਵੀ ਨਹੀਂ’
ਨੀਰੂ ਬਾਜਵਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਉਹ ਅੱਜ ਜੋ ਵੀ ਹਨ, ਪੰਜਾਬ ਅਤੇ ਪੰਜਾਬੀਅਤ ਕਰਕੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ‘ਥਾਪੀ’ ਬਣਾਉਣ ਦਾ ਮਕਸਦ ਵੀ ਪੰਜਾਬ ਵਿੱਚ ਰੌਣਕਾਂ ਲਿਆਉਣਾ ਹੈ, ਪਰ ਸਿਨੇਮਾ ਲੋਕਾਂ ਲਈ ਹੁੰਦਾ ਹੈ ਅਤੇ ਲੋਕਾਂ ਤੋਂ ਵੱਡਾ ਕੁਝ ਨਹੀਂ ਹੋ ਸਕਦਾ।
ਅਦਾਕਾਰਾ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਫ਼ਿਲਮ ਨੂੰ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦੇ ਹਾਲਾਤ ਠੀਕ ਹੋਣ ਤੱਕ ਉਹ ਹਰ ਪੱਖੋਂ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ।
16 ਅਕਤੂਬਰ ਨੂੰ ਰਿਲੀਜ਼ ਹੋਈ ਸੀ ਫ਼ਿਲਮ
ਨੀਰੂ ਬਾਜਵਾ ਅਤੇ ਸਨੀ ਸਿੰਘ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਥਾਪੀ’ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਹੁਣ ਅਦਾਕਾਰਾ ਵੱਲੋਂ ਕੀਤੇ ਐਲਾਨ ਤੋਂ ਬਾਅਦ ਫ਼ਿਲਮ ਦੀ ਸਕ੍ਰੀਨਿੰਗ ਅਗਲੇ ਹੁਕਮਾਂ ਤੱਕ ਰੋਕਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਫੈਸਲੇ ਨੂੰ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਅਤੇ ਪੰਜਾਬ ਨਾਲ ਇਕਜੁੱਟਤਾ ਪ੍ਰਗਟਾਉਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

