ਨਵੀਂ ਦਿੱਲੀ, (22 ਸਤੰਬਰ, 2026)
ਫਰਜ਼ੀ ਪਛਾਣ-ਪੱਤਰਾਂ ਦੀ ਵਰਤੋਂ ਕਰਕੇ ਸਿਮ ਕਾਰਡ ਹਾਸਲ ਕਰਨਾ ਜਾਂ ਦੂਰਸੰਚਾਰ ਸੇਵਾਵਾਂ ਨਾਲ ਜੁੜੀ ਧੋਖਾਧੜੀ ਕਰਨਾ ਹੁਣ ਭਾਰੀ ਪੈ ਸਕਦਾ ਹੈ। ਦੂਰਸੰਚਾਰ ਵਿਭਾਗ (DoT) ਨੇ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਹੈ।
ਵਿਭਾਗ ਮੁਤਾਬਕ ਫਰਜ਼ੀ ਦਸਤਾਵੇਜ਼ਾਂ, ਧੋਖਾਧੜੀ ਜਾਂ ਕਿਸੇ ਹੋਰ ਵਿਅਕਤੀ ਦੀ ਪਛਾਣ ਦੀ ਵਰਤੋਂ ਕਰਕੇ ਸਿਮ ਕਾਰਡ ਪ੍ਰਾਪਤ ਕਰਨ ’ਤੇ ਦੂਰਸੰਚਾਰ ਐਕਟ, 2023 ਤਹਿਤ ਕਾਰਵਾਈ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ 3 ਸਾਲ ਤੱਕ ਦੀ ਕੈਦ ਅਤੇ ₹50 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਲੋਕਾਂ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ
DoT ਮੁਤਾਬਕ ਛੱਤੀਸਗੜ੍ਹ ਵਿੱਚ ਇੱਕ ਸਿਮ ਵਿਕਰੇਤਾ ਏਜੰਟ ਵੱਲੋਂ ਲੋਕਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ 25 ਮੋਬਾਈਲ ਕਨੈਕਸ਼ਨ ਐਕਟੀਵੇਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਂਚ ਤੋਂ ਬਾਅਦ ਸਬੰਧਤ PoS ਏਜੰਟ ਨੂੰ ਬਲੈਕਲਿਸਟ ਕੀਤਾ ਗਿਆ ਅਤੇ ਸ਼ੱਕੀ ਨੰਬਰਾਂ ਦੀ ਮੁੜ ਤਸਦੀਕ ਕੀਤੀ ਗਈ। ਤਸਦੀਕ ਵਿੱਚ ਅਸਫਲ ਰਹੇ ਨੰਬਰਾਂ ਨੂੰ ਬੰਦ ਕਰ ਦਿੱਤਾ ਗਿਆ।
ਆਪਣੇ ਨਾਮ ’ਤੇ ਸਿਮ ਕਿਸੇ ਹੋਰ ਨੂੰ ਦੇਣ ਤੋਂ ਵੀ ਬਚੋ
ਵਿਭਾਗ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੇ ਨਾਮ ’ਤੇ ਜਾਰੀ ਸਿਮ ਕਿਸੇ ਹੋਰ ਵਿਅਕਤੀ ਨੂੰ ਵੇਚਣਾ, ਸੌਂਪਣਾ, ਕਿਰਾਏ ’ਤੇ ਦੇਣਾ ਜਾਂ ਵਰਤੋਂ ਲਈ ਦੇਣਾ ਵੀ ਕਾਨੂੰਨੀ ਮੁਸ਼ਕਲ ਪੈਦਾ ਕਰ ਸਕਦਾ ਹੈ। ਜੇ ਉਸ ਸਿਮ ਦੀ ਵਰਤੋਂ ਸਾਈਬਰ ਧੋਖਾਧੜੀ ਜਾਂ ਕਿਸੇ ਗੈਰ-ਕਾਨੂੰਨੀ ਕੰਮ ਵਿੱਚ ਹੁੰਦੀ ਹੈ ਤਾਂ ਮੂਲ ਗਾਹਕ ਲਈ ਵੀ ਕਾਨੂੰਨੀ ਜ਼ਿੰਮੇਵਾਰੀ ਬਣ ਸਕਦੀ ਹੈ।
ਇਸ ਤੋਂ ਇਲਾਵਾ ਮੋਬਾਈਲ ਦੇ IMEI ਨੰਬਰ ਨਾਲ ਛੇੜਛਾੜ ਅਤੇ ਦੂਰਸੰਚਾਰ ਪਛਾਣ ਨਾਲ ਜੁੜੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਵੀ ਸਖ਼ਤ ਕਾਰਵਾਈ ਦੀ ਵਿਵਸਥਾ ਹੈ।
‘ਸੰਚਾਰ ਸਾਥੀ’ ਰਾਹੀਂ ਆਪਣੇ ਨਾਮ ’ਤੇ ਚੱਲ ਰਹੇ ਨੰਬਰ ਚੈੱਕ ਕਰੋ
DoT ਨੇ ਲੋਕਾਂ ਨੂੰ Sanchar Saathi ਪੋਰਟਲ ਜਾਂ ਐਪ ਰਾਹੀਂ ਆਪਣੇ ਨਾਮ ’ਤੇ ਜਾਰੀ ਮੋਬਾਈਲ ਕਨੈਕਸ਼ਨਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਜੇ ਕਿਸੇ ਵਿਅਕਤੀ ਨੂੰ ਆਪਣੇ ਨਾਮ ’ਤੇ ਕੋਈ ਅਣਜਾਣ ਜਾਂ ਬਿਨਾਂ ਮਨਜ਼ੂਰੀ ਵਾਲਾ ਮੋਬਾਈਲ ਨੰਬਰ ਚੱਲਦਾ ਮਿਲਦਾ ਹੈ ਤਾਂ ਉਸ ਬਾਰੇ ਰਿਪੋਰਟ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਸਕਦੀ ਹੈ।

