ਲਖਨਊ : (12 ਸਤੰਬਰ 2026)
ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ ਨੇ ਪਾਰਟੀ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਉਨ੍ਹਾਂ ਦੇ ਭਰਾ ਆਨੰਦ ਕੁਮਾਰ ਦੇ ਪੁੱਤਰਾਂ ਨੂੰ ਪਾਰਟੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਇਸ ਦੀ ਬਜਾਏ ਆਨੰਦ ਕੁਮਾਰ ਦੀ ਧੀ ਦੀਪਿਕਾ ਆਨੰਦ ਬਸਪਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕੰਮ ਕਰੇਗੀ।

ਮਾਇਆਵਤੀ ਮੁਤਾਬਕ ਦੀਪਿਕਾ ਇਸ ਸਮੇਂ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ ਅਤੇ ਲੋੜ ਪੈਣ ’ਤੇ ਆਨੰਦ ਕੁਮਾਰ ਆਪਣੀਆਂ ਜ਼ਿੰਮੇਵਾਰੀਆਂ ਉਸ ਨੂੰ ਸੌਂਪ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਿਸ਼ਨ ਉਨ੍ਹਾਂ ਲਈ ਸਭ ਤੋਂ ਉੱਪਰ ਹੈ, ਇਸ ਲਈ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਿਰਫ਼ ਰਿਸ਼ਤੇਦਾਰੀ ਦੇ ਆਧਾਰ ’ਤੇ ਸਿਆਸੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ।

ਭਤੀਜਿਆਂ ਨੂੰ ਲੈ ਕੇ ਮਾਇਆਵਤੀ ਦਾ ਸਖ਼ਤ ਫੈਸਲਾ

ਮਾਇਆਵਤੀ ਨੇ ਸਪੱਸ਼ਟ ਕੀਤਾ ਕਿ ਆਨੰਦ ਕੁਮਾਰ ਦੇ ਦੋਵੇਂ ਪੁੱਤਰਾਂ ਨੂੰ ਹੀ ਨਹੀਂ, ਸਗੋਂ ਭਵਿੱਖ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਵੀ ਬਸਪਾ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਦੀਪਿਕਾ ਭਵਿੱਖ ਵਿੱਚ ਇਹ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਹੁੰਦੀ ਤਾਂ ਪਾਰਟੀ ਦੇ ਦਲਿਤ ਵਰਗ ਵਿੱਚੋਂ ਕਿਸੇ ਹੋਰ ਮਿਸ਼ਨਰੀ ਕਾਰਕੁਨ ਨੂੰ ਸਹਿਮਤੀ ਨਾਲ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

‘ਪਾਰਟੀ ਨੂੰ ਪਰਿਵਾਰਵਾਦ ਤੋਂ ਦੂਰ ਰੱਖਣਾ ਹੈ’

ਮਾਇਆਵਤੀ ਨੇ ਕਿਹਾ ਕਿ ਉਹ ਕਾਂਸ਼ੀ ਰਾਮ ਦੇ ਪਰਿਵਾਰਵਾਦ ਵਿਰੋਧੀ ਸਿਧਾਂਤ ’ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਆਪਣੇ ਸਗੇ ਭੈਣ-ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਾਰਟੀ ਦੇ ਕੰਮ ਤੱਕ ਸੀਮਤ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੰਸਦ ਮੈਂਬਰ, ਵਿਧਾਇਕ ਜਾਂ ਮੰਤਰੀ ਵਰਗੇ ਸਿਆਸੀ ਅਹੁਦਿਆਂ ਤੋਂ ਦੂਰ ਰੱਖਿਆ ਗਿਆ।

ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵਿੱਚ ਸਿਰਫ਼ ਇੱਕ ਵਿਅਕਤੀ ਨੂੰ ਮੌਕਾ ਦਿੱਤਾ ਜਾਵੇਗਾ ਅਤੇ ਉਸ ਦੀ ਆੜ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕੋਈ ਸਿਆਸੀ ਲਾਭ ਨਹੀਂ ਮਿਲੇਗਾ। ਇਸ ਦਾ ਮਕਸਦ ਬਸਪਾ ਨੂੰ ਪਰਿਵਾਰਵਾਦ ਤੋਂ ਮੁਕਤ ਰੱਖਣਾ ਹੈ।

ਨੌਜਵਾਨਾਂ ਨੂੰ ਵੀ ਦਿੱਤੀ ਜਾ ਰਹੀ ਤਰਜੀਹ

ਮਾਇਆਵਤੀ ਨੇ ਕਿਹਾ ਕਿ ਬਸਪਾ ਵਿੱਚ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਨੌਜਵਾਨਾਂ ਨੂੰ ਵੱਧ ਮੌਕੇ ਦੇਣ ਦੀ ਨੀਤੀ ’ਤੇ ਕੰਮ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਨਰੇਸ਼ਨ-ਜ਼ੈੱਡ ਨੂੰ ਪਾਰਟੀ ਸੰਗਠਨ ਵਿੱਚ ਲਗਭਗ 50 ਫੀਸਦੀ ਤੱਕ ਹਿੱਸੇਦਾਰੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀ ਨੌਜਵਾਨ ਅਤੇ ਸਰਵਸਮਾਜ ਨਾਲ ਜੁੜੀਆਂ ਯੋਗ ਹਸਤੀਆਂ ਨੂੰ ਉਮੀਦਵਾਰ ਬਣਾਉਣ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਮਾਇਆਵਤੀ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਬਸਪਾ ਉੱਤਰ ਪ੍ਰਦੇਸ਼ ਸਮੇਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।

Leave a Reply

Your email address will not be published. Required fields are marked *