ਸਰਕਾਰ ਨੇ ਜਾਰੀ ਕੀਤਾ ਨਵਾਂ ਸ਼ਡਿਊਲ, 5 ਤੋਂ 9 ਜਨਵਰੀ ਤੱਕ ਹੋਵੇਗਾ ਰਿਵੀਜ਼ਨਲ ਰਾਊਂਡ; ਨਵੰਬਰ ’ਚ ਮਿਲੇਗੀ ਸੈਲਫ-ਐਨਿਊਮਰੇਸ਼ਨ ਦੀ ਸਹੂਲਤ
ਚੰਡੀਗੜ੍ਹ, (6 ਸਤੰਬਰ, 2026)
ਪੰਜਾਬ ਵਿੱਚ ਮਰਦਮਸ਼ੁਮਾਰੀ 2027 ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਚਾਰ ਰਾਜਾਂ ਵਿੱਚ ਆਬਾਦੀ ਦੀ ਗਿਣਤੀ ਦਾ ਸ਼ਡਿਊਲ ਅੱਗੇ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਇਹ ਪ੍ਰਕਿਰਿਆ 1 ਦਸੰਬਰ 2026 ਤੋਂ ਸ਼ੁਰੂ ਹੋ ਕੇ 4 ਜਨਵਰੀ 2027 ਤੱਕ ਚੱਲੇਗੀ।
ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਦੇ ਗੈਰ-ਬਰਫ਼ੀਲੇ ਇਲਾਕਿਆਂ ਵਿੱਚ ਵੀ ਇਸੇ ਸਮੇਂ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਰਿਵੀਜ਼ਨਲ ਰਾਊਂਡ ਹੋਵੇਗਾ, ਜਿਸ ਦੌਰਾਨ ਰਹਿ ਗਈ ਜਾਂ ਸੋਧ ਦੀ ਲੋੜ ਵਾਲੀ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ।
ਨਵੰਬਰ ’ਚ ਘਰ ਬੈਠੇ ਜਾਣਕਾਰੀ ਦੇਣ ਦਾ ਮੌਕਾ
ਇਸ ਵਾਰ ਮਰਦਮਸ਼ੁਮਾਰੀ ਵਿੱਚ ਲੋਕਾਂ ਨੂੰ Self-Enumeration ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਪੰਜਾਬ ਸਮੇਤ ਇਨ੍ਹਾਂ ਰਾਜਾਂ ਦੇ ਲੋਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਆਪਣੀ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕਣਗੇ।
ਇਸ ਦਾ ਮਕਸਦ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਨੂੰ ਹੋਰ ਡਿਜੀਟਲ ਅਤੇ ਸੁਚਾਰੂ ਬਣਾਉਣਾ ਹੈ। ਜਿਹੜੇ ਲੋਕ ਸੈਲਫ-ਐਨਿਊਮਰੇਸ਼ਨ ਨਹੀਂ ਕਰਨਗੇ, ਉਨ੍ਹਾਂ ਦੇ ਘਰਾਂ ’ਤੇ ਜਾ ਕੇ ਨਿਰਧਾਰਤ ਪ੍ਰਕਿਰਿਆ ਤਹਿਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਚੋਣਾਂ ਤੋਂ ਪਹਿਲਾਂ ਕਿਉਂ ਬਦਲਿਆ ਸ਼ਡਿਊਲ?
ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਵਿੱਚ 2027 ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਵੀ 2027 ਵਿੱਚ ਖ਼ਤਮ ਹੋ ਰਿਹਾ ਹੈ। ਮਰਦਮਸ਼ੁਮਾਰੀ ਅਤੇ ਚੋਣਾਂ ਦੀਆਂ ਡਿਊਟੀਆਂ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਕਰਮਚਾਰੀਆਂ ਦੀ ਲੋੜ ਪੈਂਦੀ ਹੈ। ਇਸੇ ਕਾਰਨ ਚੋਣਾਂ ਤੋਂ ਪਹਿਲਾਂ ਮਰਦਮਸ਼ੁਮਾਰੀ ਦਾ ਕੰਮ ਪੂਰਾ ਕਰਨ ਲਈ ਸ਼ਡਿਊਲ ਵਿੱਚ ਤਬਦੀਲੀ ਕੀਤੀ ਗਈ ਹੈ।
ਦੇਸ਼ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ
2027 ਦੀ ਮਰਦਮਸ਼ੁਮਾਰੀ ਨੂੰ ਦੇਸ਼ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਵਜੋਂ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਆਬਾਦੀ ਨਾਲ ਸਬੰਧਤ ਵੱਖ-ਵੱਖ ਸਮਾਜਿਕ, ਆਰਥਿਕ ਅਤੇ ਜਨਸੰਖਿਆ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਵਾਰ ਜਾਤੀ ਸਬੰਧੀ ਜਾਣਕਾਰੀ ਵੀ ਮਰਦਮਸ਼ੁਮਾਰੀ ਦੇ ਹਿੱਸੇ ਵਜੋਂ ਇਕੱਠੀ ਕੀਤੀ ਜਾਣੀ ਹੈ।
ਪੰਜਾਬ ਲਈ ਕੀ ਹੈ ਪੂਰਾ ਸ਼ਡਿਊਲ?
16 ਨਵੰਬਰ–30 ਨਵੰਬਰ 2026: Self-Enumeration
1 ਦਸੰਬਰ 2026–4 ਜਨਵਰੀ 2027: ਆਬਾਦੀ ਦੀ ਗਿਣਤੀ
5 ਜਨਵਰੀ–9 ਜਨਵਰੀ 2027: Revisional Round
ਕੇਂਦਰ ਵੱਲੋਂ ਬਾਕੀ ਦੇਸ਼ ਲਈ ਮਰਦਮਸ਼ੁਮਾਰੀ ਦਾ ਮੁੱਖ ਪੜਾਅ ਬਾਅਦ ਵਿੱਚ ਕਰਵਾਇਆ ਜਾਣਾ ਹੈ, ਜਦਕਿ ਬਰਫ਼ੀਲੇ ਇਲਾਕਿਆਂ ਲਈ ਵੱਖਰਾ ਸ਼ਡਿਊਲ ਲਾਗੂ ਰਹੇਗਾ।
ਪੰਜਾਬ ਵਿੱਚ ਹੋਣ ਵਾਲੀ ਇਹ ਮਰਦਮਸ਼ੁਮਾਰੀ ਸੂਬੇ ਦੀ ਆਬਾਦੀ, ਸਮਾਜਿਕ ਢਾਂਚੇ ਅਤੇ ਹੋਰ ਮਹੱਤਵਪੂਰਨ ਅੰਕੜਿਆਂ ਨੂੰ ਅਪਡੇਟ ਕਰਨ ਲਈ ਅਹਿਮ ਮੰਨੀ ਜਾ ਰਹੀ ਹੈ।

