ਨਵੀਂ ਦਿੱਲੀ, 6 ਅਕਤੂਬਰ 2026
ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ INDIA ਬਲਾਕ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਨਿਰਵਾਚਨ ਸਦਨ ਵੱਲ ਮਾਰਚ ਸ਼ੁਰੂ ਕੀਤਾ।
ਮਾਰਚ ਦੌਰਾਨ ਪੁਲਿਸ ਨੇ ਸੰਸਦ ਮੈਂਬਰਾਂ ਨੂੰ ਨੀਤੀ ਆਯੋਗ ਦਫ਼ਤਰ ਨੇੜੇ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਵਿਰੋਧੀ ਆਗੂ ਅਤੇ ਸੰਸਦ ਮੈਂਬਰ ਸੜਕ ’ਤੇ ਹੀ ਬੈਠ ਗਏ ਅਤੇ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਪੁਲਿਸ ਨੇ ਕੁਝ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ।
🚦 ਦਿੱਲੀ ਦੇ ਕਈ ਰੂਟਾਂ ’ਤੇ ਟ੍ਰੈਫਿਕ ਡਾਇਵਰਟ
ਮਾਰਚ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਸਵੇਰੇ 8 ਵਜੇ ਤੋਂ ਕਈ ਇਲਾਕਿਆਂ ਵਿੱਚ ਟ੍ਰੈਫਿਕ ਨੂੰ ਨਿਯਮਤ ਜਾਂ ਡਾਇਵਰਟ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਕਨਾਟ ਪਲੇਸ, ਪਟੇਲ ਚੌਕ, ਸੰਸਦ ਮਾਰਗ, ਪਟੇਲ ਚੌਕ-ਜੀਪੀਓ, ਵਿੰਡਸਰ ਪਲੇਸ-ਜੀਪੀਓ, ਅਸ਼ੋਕਾ ਰੋਡ ਅਤੇ ਜੰਤਰ-ਮੰਤਰ ਰੋਡ ਸਮੇਤ ਆਸ-ਪਾਸ ਦੇ ਰੂਟ ਪ੍ਰਭਾਵਿਤ ਹੋ ਸਕਦੇ ਹਨ।
ਪੁਲਿਸ ਨੇ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਬਿਨਾਂ ਜ਼ਰੂਰੀ ਕੰਮ ਦੇ ਜਾਣ ਤੋਂ ਬਚਣ, ਵਾਧੂ ਸਮਾਂ ਲੈ ਕੇ ਚੱਲਣ ਅਤੇ ਜਿੱਥੇ ਸੰਭਵ ਹੋਵੇ ਮੈਟਰੋ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਇਸ ਮਾਰਚ ਵਿੱਚ ਕਾਂਗਰਸ ਸਮੇਤ INDIA ਬਲਾਕ ਦੀਆਂ ਕਈ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਸੰਸਦ ਮੈਂਬਰ ਸ਼ਾਮਲ ਹੋਏ ਹਨ। AAP ਅਤੇ DMK ਨੇ ਇਸ ਮਾਰਚ ਤੋਂ ਦੂਰੀ ਬਣਾਈ ਹੈ।

