ਮੋਹਾਲੀ, 19 ਨਵੰਬਰ, 2026
ਮੋਹਾਲੀ ਜ਼ਿਲ੍ਹੇ ਦੇ ਲਾਲੜੂ ਨੇੜਲੇ ਪਿੰਡ ਬੱਲੋਪੁਰ ਵਿੱਚ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪਿੰਡ ਦੀ ਹੀ ਰਹਿਣ ਵਾਲੀ 20 ਸਾਲਾ ਔਰਤ ਸੋਨਿਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਸੂਮ ਬੱਚੇ ਦੀ ਲਾਸ਼ ਗੁਆਂਢੀ ਦੇ ਘਰ ਦੀ ਛੱਤ ਤੋਂ ਮਿਲਣ ਮਗਰੋਂ ਪਿੰਡ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ ਸੀ।
ਮ੍ਰਿਤਕ ਬੱਚੇ ਦੀ ਪਛਾਣ ਗੁਰਸਾਂਝ ਸਿੰਘ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਨਾਲ ਪਿੰਡ ਬੱਲੋਪੁਰ ਵਿੱਚ ਰਹਿੰਦਾ ਸੀ। ਜਾਣਕਾਰੀ ਅਨੁਸਾਰ 14 ਨਵੰਬਰ ਨੂੰ ਦੁਪਹਿਰ ਸਮੇਂ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ, ਪਰ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਦੇ ਬਾਵਜੂਦ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ। ਅਗਲੀ ਸਵੇਰ ਉਸ ਦੀ ਲਾਸ਼ ਗੁਆਂਢੀ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ।
ਸੀਸੀਟੀਵੀ ਅਤੇ ਤਕਨੀਕੀ ਜਾਂਚ ਨਾਲ ਖੁਲਾਸਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੋਹਾਲੀ ਪੁਲਿਸ ਨੇ ਕਈ ਜਾਂਚ ਟੀਮਾਂ ਦਾ ਗਠਨ ਕੀਤਾ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਅਤੇ ਹੋਰ ਤਕਨੀਕੀ ਤੇ ਵਿਗਿਆਨਕ ਸਬੂਤ ਇਕੱਠੇ ਕੀਤੇ ਗਏ। ਜਾਂਚ ਦੌਰਾਨ ਸ਼ੱਕ ਦੀ ਸੂਈ ਪਿੰਡ ਦੀ ਰਹਿਣ ਵਾਲੀ ਸੋਨਿਕਾ ਵੱਲ ਘੁੰਮੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਔਰਤ ਨੇ ਬੱਚੇ ਨੂੰ ਆਪਣੇ ਘਰ ਲਿਜਾਣ ਅਤੇ ਉਸ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਬਾਅਦ ਵਿੱਚ ਲਾਸ਼ ਨੂੰ ਗੁਆਂਢੀ ਦੇ ਘਰ ਦੀ ਛੱਤ ’ਤੇ ਰੱਖ ਦਿੱਤਾ ਗਿਆ।
ਘਟਨਾ ਪਿੱਛੇ ਤਣਾਅ ਨੂੰ ਦੱਸਿਆ ਜਾ ਰਿਹਾ ਕਾਰਨ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਔਰਤ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚ ਸੀ। ਪੁਲਿਸ ਇਸ ਗੱਲ ਨੂੰ ਘਟਨਾ ਨਾਲ ਜੋੜ ਕੇ ਜਾਂਚ ਕਰ ਰਹੀ ਹੈ, ਹਾਲਾਂਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਪੁਲਿਸ ਨੇ ਮੁਲਜ਼ਮ ਦੇ ਘਰੋਂ ਕੰਬਲ, ਚਾਦਰ ਅਤੇ ਹੋਰ ਸਬੂਤ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ। ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਕਤਲ ਦੇ ਪਿੱਛੇ ਦੀਆਂ ਸਾਰੀਆਂ ਕੜੀਆਂ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਸਕੇ।

