ਨੇਪਾਲ, 3 ਨਵੰਬਰ 2026
ਨੇਪਾਲ ਦੇ ਮਾਊਂਟ ਐਵਰੈਸਟ ਖੇਤਰ ਵਿੱਚ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ। ਸੋਲੁਖੁੰਬੂ ਜ਼ਿਲ੍ਹੇ ਦੇ ਫੇਰਿਚੇ ਇਲਾਕੇ ਵਿੱਚ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਚੇਨਈ ਦੇ 47 ਸਾਲਾ ਵਿਅਕਤੀ ਦੀ ਮੌਤ
ਨੇਪਾਲ ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਤਾਮਿਲਨਾਡੂ ਦੇ ਚੇਨਈ ਵਾਸੀ 47 ਸਾਲਾ ਵਸੰਤ ਕੁਮਾਰ ਬਲਰਾਮਮੁਡੂ ਵਜੋਂ ਹੋਈ ਹੈ। ਉਹ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸੀ।
ਦੋਵੇਂ ਹੈਲੀਕਾਪਟਰਾਂ ਦੇ ਪਾਇਲਟ ਵੀ ਜ਼ਖ਼ਮੀ
ਹਾਦਸੇ ਵਿੱਚ ਨਿਊਜ਼ੀਲੈਂਡ ਵਾਸੀ ਭਾਰਤੀ ਮੂਲ ਦੇ ਸ਼ੈਲੇਸ਼ ਕ੍ਰਿਸ਼ਨਾ ਪਟੇਲ ਅਤੇ ਦੋਵੇਂ ਹੈਲੀਕਾਪਟਰਾਂ ਦੇ ਪਾਇਲਟ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਲੈਂਡਿੰਗ ਦੌਰਾਨ ਵਾਪਰਿਆ ਹਾਦਸਾ
ਇਹ ਹਾਦਸਾ ਸਵੇਰੇ ਕਰੀਬ 8:11 ਵਜੇ ਫੇਰਿਚੇ ਦੇ ਹੈਲੀਪੈਡ ’ਤੇ ਵਾਪਰਿਆ। ਦੋਵੇਂ ਹੈਲੀਕਾਪਟਰ ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਕੰਪਨੀਆਂ ਦੇ ਸਨ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਪਾਇਲਟਾਂ ਵਿਚਾਲੇ ਸੰਚਾਰ ਦੀ ਗੜਬੜ ਇੱਕ ਸੰਭਾਵਿਤ ਕਾਰਨ ਹੋ ਸਕਦੀ ਹੈ।

