ਅਮਰੀਕਾ, 20 ਅਕਤੂਬਰ 2026

ਅਮਰੀਕਾ ਦੇ ਟੈਕਸਸ ਸੂਬੇ ਦੇ ਸੈਨ ਐਂਟੋਨੀਓ ਸ਼ਹਿਰ ਵਿੱਚ ਫੁੱਟਬਾਲ ਮੈਚ ਤੋਂ ਪਹਿਲਾਂ ਇੱਕ ਦਰਦਨਾਕ ਹਾਦਸਾ ਵਾਪਰਿਆ। ਸਟੇਡੀਅਮ ਵਿੱਚ ਫੌਜੀ ਪ੍ਰਦਰਸ਼ਨ ਦੌਰਾਨ ਰੱਸੀ ਦੇ ਸਹਾਰੇ ਹੇਠਾਂ ਉਤਰ ਰਿਹਾ ਅਮਰੀਕੀ ਏਅਰ ਫੋਰਸ ਦਾ ਜਵਾਨ ਲਗਭਗ 170 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਇਆਨ ਪੈਟਰਸਨ ਵਜੋਂ ਹੋਈ

ਅਮਰੀਕੀ ਹਵਾਈ ਫੌਜ ਨੇ ਮ੍ਰਿਤਕ ਦੀ ਪਛਾਣ ਟੈਕਨੀਕਲ ਸਾਰਜੈਂਟ ਇਆਨ ਪੈਟਰਸਨ ਵਜੋਂ ਕੀਤੀ ਹੈ। ਉਹ 15 ਸਾਲਾਂ ਤੋਂ ਹਵਾਈ ਫੌਜ ਵਿੱਚ ਸੇਵਾ ਨਿਭਾ ਰਹੇ ਸਨ ਅਤੇ 6ਵੀਂ ਕੰਬੈਟ ਟ੍ਰੇਨਿੰਗ ਸਕੁਐਡਰਨ ਨਾਲ ਜੁੜੇ ਹੋਏ ਸਨ। ਉਹ ਟੈਕਟੀਕਲ ਏਅਰ ਕੰਟਰੋਲ ਪਾਰਟੀ ਦੇ ਇੰਸਟ੍ਰਕਟਰ ਵਜੋਂ ਵੀ ਕੰਮ ਕਰਦੇ ਸਨ।

ਮੈਚ ਤੋਂ ਪਹਿਲਾਂ ਚੱਲ ਰਿਹਾ ਸੀ ਵਿਸ਼ੇਸ਼ ਪ੍ਰਦਰਸ਼ਨ

ਇਹ ਘਟਨਾ 17 ਅਕਤੂਬਰ ਨੂੰ ਅਲਾਮੋਡੋਮ ਸਟੇਡੀਅਮ ਵਿੱਚ ਵਾਪਰੀ। ਇੱਥੇ ਯੂਨੀਵਰਸਿਟੀ ਆਫ਼ ਟੈਕਸਸ ਐਟ ਸੈਨ ਐਂਟੋਨੀਓ ਅਤੇ ਯੂਐੱਸ ਨੇਵਲ ਅਕੈਡਮੀ ਵਿਚਕਾਰ ਫੁੱਟਬਾਲ ਮੈਚ ਤੋਂ ਪਹਿਲਾਂ ਹਥਿਆਰਬੰਦ ਬਲਾਂ ਦੇ ਸਨਮਾਨ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਸੀ।

ਇਸ ਪ੍ਰਦਰਸ਼ਨ ਦੌਰਾਨ ਚਾਰ ਫੌਜੀ ਜਵਾਨ ਸਟੇਡੀਅਮ ਦੀ ਛੱਤ ਤੋਂ ਰੱਸੀਆਂ ਦੇ ਸਹਾਰੇ ਮੈਦਾਨ ਵਿੱਚ ਉਤਰਨ ਵਾਲੇ ਸਨ। ਇਸੇ ਦੌਰਾਨ ਇਆਨ ਪੈਟਰਸਨ ਤੇਜ਼ੀ ਨਾਲ ਹੇਠਾਂ ਡਿੱਗ ਪਏ। ਮੈਦਾਨ ਵਿੱਚ ਮੌਜੂਦ ਮੈਡੀਕਲ ਟੀਮ ਨੇ ਤੁਰੰਤ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਹਸਪਤਾਲ ਲਿਜਾਇਆ।
ਹਾਦਸੇ ਤੋਂ ਬਾਅਦ ਮੈਚ ਕੁਝ ਸਮੇਂ ਲਈ ਰੋਕਿਆ ਗਿਆ

ਇਸ ਘਟਨਾ ਕਾਰਨ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਵਿੱਚ ਸਦਮੇ ਦਾ ਮਾਹੌਲ ਬਣ ਗਿਆ। ਮੈਚ ਦੀ ਸ਼ੁਰੂਆਤ ਲਗਭਗ 10 ਮਿੰਟ ਲਈ ਦੇਰੀ ਨਾਲ ਹੋਈ। ਬਾਅਦ ਵਿੱਚ ਮੈਚ ਕਰਵਾਇਆ ਗਿਆ। ਅਮਰੀਕੀ ਹਵਾਈ ਫੌਜ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *