ਰੋਹਤਕ 25 ਮਈ, 2026


ਰੋਹਤਕ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਸਾਲ 2017 ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਉਸਦੀ 16ਵੀਂ ਅਸਥਾਈ ਰਿਹਾਈ ਹੈ।

ਰਾਮ ਰਹੀਮ ਸੋਮਵਾਰ ਸਵੇਰੇ ਕਰੀਬ 6:34 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਉਸਦੇ ਵਕੀਲ ਜਿਤੇਂਦਰ ਖੁਰਾਣਾ ਮੁਤਾਬਕ, ਪੈਰੋਲ ਦੀ ਮਿਆਦ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਵਿੱਚ ਰਹੇਗਾ।

10 ਸਾਲਾਂ ਦੀ ਸਜ਼ਾ ‘ਚੋਂ 400 ਤੋਂ ਵੱਧ ਦਿਨ ਜੇਲ੍ਹ ਤੋਂ ਬਾਹਰ ਬਿਤਾਏ

ਜੇਲ੍ਹ ਦੇ ਅਧਿਕਾਰਤ ਰਿਕਾਰਡ ਮੁਤਾਬਕ, ਕੈਦੀ ਨੰਬਰ 8647/C (ਗੁਰਮੀਤ ਰਾਮ ਰਹੀਮ ਸਿੰਘ) ਹੁਣ ਤੱਕ ਆਪਣੀ ਸਜ਼ਾ ਦੇ ਦਿਨਾਂ ਵਿੱਚੋਂ 406 ਦਿਨ ਜੇਲ੍ਹ ਤੋਂ ਬਾਹਰ ਕੱਟ ਚੁੱਕਾ ਹੈ। ਇਸ ਮੌਜੂਦਾ 30 ਦਿਨਾਂ ਦੀ ਪੈਰੋਲ ਤੋਂ ਬਾਅਦ ਜੇਲ੍ਹ ਤੋਂ ਬਾਹਰ ਰਹਿਣ ਵਾਲੇ ਦਿਨਾਂ ਦੀ ਕੁੱਲ ਗਿਣਤੀ 436 ਹੋ ਜਾਵੇਗੀ।

ਪੈਰੋਲ ‘ਤੇ ਲਗਾਤਾਰ ਉੱਠ ਰਹੇ ਨੇ ਸਵਾਲ

ਰਾਮ ਰਹੀਮ ਨੂੰ ਵਾਰ-ਵਾਰ ਮਿਲਣ ਵਾਲੀ ਪੈਰੋਲ ਹਮੇਸ਼ਾ ਹੀ ਸਿਆਸੀ ਬਹਿਸ ਅਤੇ ਸੁਰੱਖਿਆ ਚਿੰਤਾਵਾਂ ਦਾ ਵਿਸ਼ਾ ਰਹੀ ਹੈ। ਵਿਰੋਧੀ ਪਾਰਟੀਆਂ ਅਕਸਰ ਚੋਣਾਂ ਦੇ ਨੇੜੇ-ਤੇੜੇ ਮਿਲਣ ਵਾਲੀ ਇਸ ਰਾਹਤ ‘ਤੇ ਸਵਾਲ ਚੁੱਕਦੀਆਂ ਰਹੀਆਂ ਹਨ, ਜਦਕਿ ਪ੍ਰਸ਼ਾਸਨ ਇਸ ਨੂੰ ਇੱਕ ਨਿਯਮਿਤ ਕਾਨੂੰਨੀ ਪ੍ਰਕਿਰਿਆ ਦੱਸਦਾ ਹੈ।

ਹਾਲ ਹੀ ਵਿੱਚ ਦੋ ਵੱਡੇ ਮਾਮਲਿਆਂ ਵਿੱਚੋਂ ਮਿਲੀ ਹੈ ਰਾਹਤ

ਰਾਮ ਰਹੀਮ ਲਈ ਹਾਲੀਆ ਸਮਾਂ ਕਾਨੂੰਨੀ ਤੌਰ ‘ਤੇ ਰਾਹਤ ਭਰਿਆ ਰਿਹਾ ਹੈ:

  • ਪੱਤਰਕਾਰ ਛੱਤਰਪਤੀ ਕਤਲ ਕੇਸ: ਮਾਰਚ 2026 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆ ਮਾਮਲੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਸੀ, ਜਿਸ ਵਿੱਚ ਪਹਿਲਾਂ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।
  • ਰਣਜੀਤ ਸਿੰਘ ਕਤਲ ਕੇਸ: ਇਸ ਤੋਂ ਪਹਿਲਾਂ ਸਾਲ 2024 ਵਿੱਚ ਹਾਈ ਕੋਰਟ ਨੇ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਵਿੱਚ ਵੀ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਬਰੀ ਕਰ ਦਿੱਤਾ ਸੀ।

ਫਿਲਹਾਲ, ਰਾਮ ਰਹੀਮ ਅਗਲੇ 30 ਦਿਨਾਂ ਤੱਕ ਸਿਰਸਾ ਡੇਰੇ ਵਿੱਚ ਸਖ਼ਤ ਸੁਰੱਖਿਆ ਅਤੇ ਨਿਯਮਾਂ ਦੇ ਅਧੀਨ ਰਹੇਗਾ।

Leave a Reply

Your email address will not be published. Required fields are marked *