ਲੁਧਿਆਣਾ, 25 ਸਤੰਬਰ 2026

ਲੁਧਿਆਣਾ ਦੇ ਟਿੱਬਾ ਇਲਾਕੇ ਵਿੱਚ ਤਿੰਨ ਨਾਬਾਲਗ ਬੱਚਿਆਂ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਤਿੰਨੇ ਬੱਚੇ 22 ਸਤੰਬਰ ਨੂੰ ਦੁਪਹਿਰ ਕਰੀਬ 1:30 ਵਜੇ ਘਰੋਂ ਗਲੀ ਵਿੱਚ ਖੇਡਣ ਲਈ ਨਿਕਲੇ ਸਨ, ਪਰ ਦੇਰ ਰਾਤ ਤੱਕ ਘਰ ਵਾਪਸ ਨਹੀਂ ਪਰਤੇ।

ਲਾਪਤਾ ਬੱਚਿਆਂ ਵਿੱਚ 12 ਸਾਲਾ ਪ੍ਰਭਦੀਪ ਕੌਰ, 11 ਸਾਲਾ ਅਰਸ਼ਦੀਪ ਸਿੰਘ ਅਤੇ 16 ਸਾਲਾ ਰਾਧਿਕਾ ਸ਼ਾਮਲ ਹਨ। ਪਰਿਵਾਰਾਂ ਅਤੇ ਗੁਆਂਢੀਆਂ ਵੱਲੋਂ ਕਾਫ਼ੀ ਭਾਲ ਕਰਨ ਦੇ ਬਾਵਜੂਦ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰਾਂ ਨੇ ਕਿਸੇ ਅਣਜਾਣ ਵਿਅਕਤੀ ਵੱਲੋਂ ਬੱਚਿਆਂ ਨੂੰ ਲੈ ਜਾਣ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਮੁਤਾਬਕ ਤਿੰਨੇ ਬੱਚੇ ਮੇਹਰਬਾਨ ਇਲਾਕੇ ਵਿੱਚ ਦੇਖੇ ਗਏ ਸਨ। ਫਿਲਹਾਲ ਵੀਡੀਓ ਫੁਟੇਜ ਵਿੱਚ ਬੱਚਿਆਂ ਦੇ ਨਾਲ ਕੋਈ ਸ਼ੱਕੀ ਵਿਅਕਤੀ ਨਜ਼ਰ ਨਹੀਂ ਆਇਆ ਹੈ।

ਪੁਲਿਸ ਨੇ ਲਾਪਤਾ ਬੱਚਿਆਂ ਸਬੰਧੀ ਜਾਣਕਾਰੀ ਸਾਰੇ ਥਾਣਿਆਂ ਅਤੇ ਪੁਲਿਸ ਚੌਕੀਆਂ ਨੂੰ ਭੇਜ ਦਿੱਤੀ ਹੈ। ਟਿੱਬਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਬੱਚਿਆਂ ਦੀ ਭਾਲ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *