ਸੋਨੀਪਤ (7 ਸਤੰਬਰ 2026)
ਹਰਿਆਣਾ ਦੇ ਸੋਨੀਪਤ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਿਟਾਇਰਡ ਜ਼ਿਲ੍ਹਾ ਵਣ ਅਧਿਕਾਰੀ (DFO) ਦੀ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 60 ਸਾਲਾ ਜੈਪਾਲ ਰਾਠੀ ਵਜੋਂ ਹੋਈ ਹੈ, ਜੋ ਭੋਗੀਪੁਰ ਪਿੰਡ ਦੇ ਰਹਿਣ ਵਾਲੇ ਸਨ। ਇਹ ਘਟਨਾ ਐਤਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜੈਪਾਲ ਰਾਠੀ ਆਪਣੀ ਕਾਰ ਰਾਹੀਂ ਕਿਸੇ ਕੰਮ ਲਈ ਗੰਨੌਰ ਵੱਲ ਜਾ ਰਹੇ ਸਨ। ਇਸ ਦੌਰਾਨ ਸੜਕ ’ਤੇ ਮੀਂਹ ਕਾਰਨ ਖੜ੍ਹੇ ਪਾਣੀ ਦੇ ਛਿੱਟੇ ਇੱਕ ਨੌਜਵਾਨ ’ਤੇ ਪੈ ਗਏ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਹਾਸੁਣੀ ਹੋ ਗਈ।
ਪੱਥਰ ਨਾਲ ਸਿਰ ’ਤੇ ਕੀਤਾ ਵਾਰ
ਪੁਲਿਸ ਮੁਤਾਬਕ, ਅਗਵਾਨਪੁਰ ਰੋਡ ’ਤੇ ਰਹਿਣ ਵਾਲਾ ਨੌਜਵਾਨ ਰਵੀ ਸੜਕ ’ਤੇ ਤੁਰ ਰਿਹਾ ਸੀ। ਕਾਰ ਤੋਂ ਪਾਣੀ ਦੇ ਛਿੱਟੇ ਪੈਣ ਤੋਂ ਬਾਅਦ ਦੋਵਾਂ ਵਿਚਕਾਰ ਵਿਵਾਦ ਹੋ ਗਿਆ। ਦੋਸ਼ ਹੈ ਕਿ ਇਸ ਦੌਰਾਨ ਰਵੀ ਨੇ ਪੱਥਰ ਚੁੱਕ ਕੇ ਜੈਪਾਲ ਰਾਠੀ ਦੇ ਸਿਰ ’ਤੇ ਵਾਰ ਕਰ ਦਿੱਤਾ।
ਹਮਲੇ ਤੋਂ ਬਾਅਦ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਜੈਪਾਲ ਰਾਠੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਲੋਕਾਂ ਨੇ ਕਥਿਤ ਮੁਲਜ਼ਮ ਨੌਜਵਾਨ ਨੂੰ ਮੌਕੇ ’ਤੇ ਹੀ ਫੜ ਲਿਆ ਅਤੇ ਗੰਨੌਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਦੋ ਸਾਲ ਪਹਿਲਾਂ ਹੋਏ ਸਨ ਰਿਟਾਇਰ
ਜੈਪਾਲ ਰਾਠੀ ਕਰੀਬ ਦੋ ਸਾਲ ਪਹਿਲਾਂ ਜ਼ਿਲ੍ਹਾ ਵਣ ਅਧਿਕਾਰੀ (DFO) ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਰਿਟਾਇਰਮੈਂਟ ਤੋਂ ਬਾਅਦ ਉਹ ਗੰਨੌਰ-ਪਾਂਚੀ ਰੋਡ ’ਤੇ ਸਥਿਤ ਆਪਣੇ ਰਾਠੀ ਫਾਰਮ ਹਾਊਸ ਅਤੇ ਨਰਸਰੀ ਦਾ ਕੰਮ ਸੰਭਾਲ ਰਹੇ ਸਨ।
ਮ੍ਰਿਤਕ ਦੇ ਪੁੱਤਰ ਮੰਜੀਤ ਦੀ ਸ਼ਿਕਾਇਤ ਦੇ ਆਧਾਰ ’ਤੇ ਗੰਨੌਰ ਪੁਲਿਸ ਨੇ ਰਵੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਘਟਨਾ ਦੇ ਪੂਰੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

